ਨਕੋਦਰ: ਕੱਲ ਮਿਤੀ 17 ਸਿਤੰਬਰ 2023 ਦੁਪਹਿਰ 2:30 ਵਜੇ ਦੇ ਕਰੀਬ ਨਕੋਦਰ-ਜਲੰਧਰ ਮੁੱਖ ਮਾਰਗ ‘ਤੇ ਪਾਲਮ ਵਿਹਾਰ ਕਾਲੋਨੀ ਕੋਲ ਕੋਕਾ ਕੋਲਾ ਕੰਪਨੀ ਦੇ ਟਰੱਕ ਦੇ ਪਿਛਲੇ ਟਾਇਰਾਂ ਥੱਲੇ ਐਕਟਿਵਾ ਸਵਾਰ ਦੇ ਆਉਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁੱਖ ਮਾਰਗ ‘ਤੇ ਟ੍ਰੈਫਿਕ ਜਾਮ ਦੀ ਸਥਿਤੀ ਵੀ ਬਣ ਗਈ। ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਮ ਨੂੰ ਖੁੱਲ੍ਹਵਾਇਆ ਤੇ ਵਿਅਕਤੀ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਮਨਦੀਪ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਤਾਹਿਰ ਖਾਨ (42) ਵਾਸੀ ਬਰੇਲੀ ਯੂਪੀ ਹਾਲ ਵਾਸੀ ਮੱਛੀ ਗਲੀ ਤਹਿਸੀਲ ਬਾਜ਼ਾਰ ਨਕੋਦਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਤਾਹਿਰ ਖਾਨ ਸ਼ੰਕਰ ਰੋਡ ਤੇ ਪਿੰਡ ਮੀਰਾਪੁਰ ਵਿਖੇ ਕਿਸੇ ਦੇ ਕੋਲ ਕਢਾਈ ਦਾ ਕੰਮ ਕਰਦਾ ਸੀ ਤੇ ਉਹ ਐਕਟਿਵਾ ‘ਤੇ ਜਲੰਧਰ ਵੱਲ ਨੂੰ ਜਾ ਰਿਹਾ ਸੀ ਤੇ ਇਹ ਹਾਦਸਾ ਵਾਪਰ ਗਿਆ। ਉਨਾਂ੍ਹ ਦੱਸਿਆ ਕਿ ਹਾਦਸੇ ਵਾਲਾ ਟਰੱਕ ਮੋਗੇ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਤੇ ਉਸ ਦੀ ਐਕਟਿਵਾ ਨਾਲ ਪਿੱਛੋਂ ਟੱਕਰ ਹੋ ਗਈ ਤੇ ਮਿ੍ਤਕ ਵਿਅਕਤੀ ਟਰੱਕ ਦੇ ਪਿਛਲੇ ਟਾਇਰਾਂ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ।
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਐਕਟਿਵਾ ਸਵਾਰ ਬਹੁਤ ਤੇਜ਼ੀ ਨਾਲ ਗਲਤ ਪਾਸੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਚਿਕੜ ਹੋਣ ਕਾਰਨ ਸਕੂਟਰੀ ਤਿਲਕ ਗਈ ਅਤੇ ਮ੍ਰਿਤਕ ਫਿਸਲ ਕੇ ਟਰੱਕ ਦੇ ਟਾਇਰਾਂ ਹੇਠ ਆ ਗਿਆ। ਪੁਲਿਸ ਨੇ ਦੱਸਿਆ ਕਿ ਮਿ੍ਤਕ ਤਾਹਿਰ ਖਾਨ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਦੇ ਦੋ ਛੋਟੇ ਬੱਚੇ ਹਨ। ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਕਰਨ ਉਪਰੰਤ ਤੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।