ਮੀਂਹ ਦੇ ਦਿਨਾਂ ‘ਚ ਡੁੱਡਾਂ ‘ਚ ਪਾਣੀ ਭਰਨ ਦੀ ਵਜ੍ਹਾ ਨਾਲ ਸੱਪ ਬਾਹਰ ਨਿਕਲ ਕੇ ਆਬਾਦੀ ਵਾਲੇ ਇਲਾਕਿਆਂ ‘ਚ ਵੜ ਜਾਂਦੇ ਹਨ। ਲੋਕਾਂ ਦੇ ਘਰਾਂ ‘ਚ ਵੜ ਕੇ ਉਨ੍ਹਾਂ ਨੂੰ ਡੰਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੀ ਰਾਤ ਪਿਓ-ਪੁੱਤ ਨੂੰ ਸੱਪ ਨੇ ਡੰਗ ਲਿਆ ਸੀ। ਸ਼ੁੱਕਰਵਾਰ ਨੂੰ ਪਿਤਾ ਦੀ ਸਿਵਲ ਹਸਪਤਾਲ ‘ਚ ਮੌਤ ਹੋ ਗਈ ਤੇ ਪੁੱਤਰ ਦੀ ਨਿੱਜੀ ਹਸਪਤਾਲ ‘ਚ ਹਾਲਤ ਗੰਭੀਰ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 15 ਅਗਸਤ ਨੂੰ ਰਾਮ ਪ੍ਰਰੀਤ ਸ਼ਾਹ ਤੇ ਉਨ੍ਹਾਂ ਦਾ ਪੁੱਤਰ ਬਿੱਟੂ ਛੱਤ ‘ਤੇ ਸੌਂ ਰਹੇ ਸਨ। ਸਵੇਰੇ ਕਰੀਬ ਚਾਰ ਵਜੇ ਸੱਪ ਨੇ ਡੰਗ ਲਿਆ ਸੀ। ਉਨ੍ਹਾਂ ਨੇ ਰਾਮ ਪ੍ਰਰੀਤ ਸ਼ਾਹ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਦਿੱਤਾ ਸੀ। ਪੁੱਤਰ ਦੀ ਤਬੀਅਤ ਵਿਗੜਨ ‘ਤੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਦੋਵੇਂ ਪਿਓ-ਪੁੱਤ ਫੁੱਟਬਾਲ ਸਿਉਂਣ ਦਾ ਕੰਮ ਕਰਦੇ ਸਨ। ਕੁਝ ਦਿਨ ਪਹਿਲਾਂ ਹੀ ਕਰਜ਼ਾ ਲੈ ਕੇ ਲੜਕੀ ਦਾ ਵਿਆਹ ਕੀਤਾ ਸੀ। ਉਨ੍ਹਾਂ ਦੇ ਘਰ ਪਿੱਛੇ ਖਾਲੀ ਪਲਾਟ ਕਾਰਨ ਇਹ ਘਟਨਾ ਵਾਪਰੀ ਹੈ। ਮੁਹੱਲੇ ‘ਚ ਕਾਫੀ ਖਾਲੀ ਪਲਾਟਾਂ ‘ਚ ਝਾੜੀਆਂ ਉੱਗੀਆਂ ਹੋਈਆਂ ਜਿਸ ਕਾਰਨ ਸੱਪ ਤੇ ਹੋਰ ਜ਼ਹਿਰੀਲੇ ਜੀਵ ਆਮ ਦੇਖਣ ਨੂੰ ਮਿਲਦੇ ਹਨ।
ਇਸ ਸਬੰਧੀ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਨੂੰ ਕਈ ਵਾਰ ਸੂਚਨਾ ਦਿੱਤੀ ਪਰ ਨਗਰ ਨਿਗਮ ਵੱਲੋਂ ਉਨ੍ਹਾਂ ਦੀ ਗੱਲ ‘ਤੇ ਧਿਆਨ ਨਹੀਂ ਦਿੱਤਾ ਗਿਆ। ਰਾਮ ਪ੍ਰਰੀਤ ਦੀ ਮੌਤ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹੇ ‘ਚ ਪਿਛਲੇ ਤਿੰਨ ਮਹੀਨਿਆਂ ‘ਚ 65 ਦੇ ਕਰੀਬ ਸੱਪ ਦੇ ਡੰਗਣ ਦੇ ਮਾਮਲੇ ਸਿਵਲ ਹਸਪਤਾਲ ‘ਚ ਪੁੱਜ ਚੁੱਕੇ ਹਨ ਤੇ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।