Trending News: ਚੋਰੀ ਦਾ ਇੱਕ ਅਜੀਬ ਕਿੱਸਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਉਪਰ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਦਰਅਸਲ ਤਿੰਨ ਚੋਰਾਂ ਮਾਰੂਤੀ ਵੈਨ ਚੋਰੀ ਕਰਨ ਦੀ ਪਲਾਨਿੰਗ ਤਾਂ ਕਰ ਲਈ ਪਰ ਉੱਥੇ ਪਹੁੰਚ ਕੇ ਪਤਾ ਲੱਗਾ ਕਿ ਕਾਰ ਤਾਂ ਕਿਸੇ ਨੂੰ ਵੀ ਚਲਾਉਣੀ ਨਹੀਂ ਆਉਂਦੀ। ਫਿਰ ਵੀ ਤਿੰਨਾਂ ਚੋਰਾਂ ਨੇ ਹਿੰਮਤ ਨਹੀਂ ਹਾਰੀ ਤੇ ਮਾਰੂਤੀ ਵੈਨ ਨੂੰ ਚੋਰੀ ਕਰ ਹੀ ਲਈ।
ਚੋਰਾਂ ਨੇ ਕਾਰ ਨੂੰ 10 ਕਿਲੋਮੀਟਰ ਤੱਕ ਧੱਕਾ ਲਾਇਆ ਤੇ ਅੱਗੇ ਜਾ ਕੇ ਛੁਪਾ ਦਿੱਤਾ। ਇਸ ਤੋਂ ਬਾਅਦ ਉਹ ਇਸ ਕਾਰ ਨੂੰ ਕਬਾੜ ਵਿੱਚ ਵੇਚਣ ਦਾ ਜੁਗਾੜ ਬਣਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਪਲਾਨਿੰਗ ‘ਤੇ ਪਾਣੀ ਫਿਰ ਗਿਆ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਦੱਸ ਦਈਏ ਕਿ ਇਹ ਹੈਰਾਨੀਜਨਕ ਮਾਮਲਾ ਕਾਨਪੁਰ ਦਾ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਚੋਰ ਮਾਰੂਤੀ ਵੈਨ ਚੋਰੀ ਕਰਨ ਪਹੁੰਚੇ, ਪਰ ਕਿਸੇ ਨੂੰ ਕਾਰ ਚਲਾਉਣੀ ਨਹੀਂ ਆਉਂਦੀ ਸੀ। ਇਸ ਕਾਰਨ ਤਿੰਨਾਂ ਚੋਰਾਂ ਨੇ ਕਾਰ ਨੂੰ 10 ਕਿਲੋਮੀਟਰ ਤੱਕ ਧੱਕਾ ਲਾਇਆ। ਇਸ ਮਾਰੂਤੀ ਵੈਨ ਦੀ ਚੋਰੀ ਦੇ ਮਾਮਲੇ ਵਿੱਚ ਸਤਿਅਮ ਕੁਮਾਰ, ਅਮਨ ਗੌਤਮ ਤੇ ਅਮਿਤ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਸਤਿਅਮ ਮਹਾਰਾਜਪੁਰ ਦੇ ਇੱਕ ਇੰਜਨੀਅਰਿੰਗ ਕਾਲਜ ਤੋਂ ਬੀਟੈਕ ਕਰ ਰਿਹਾ ਹੈ। ਅਮਨ ਡੀਬੀਐਸ ਕਾਲਜ ਤੋਂ ਬੀਕਾਮ ਫਾਈਨਲ ਈਅਰ ਦਾ ਵਿਦਿਆਰਥੀ ਹੈ, ਜਦਕਿ ਅਮਿਤ ਇੱਕ ਬਿਲਡਿੰਗ ਵਿੱਚ ਕੰਮ ਕਰਦਾ ਹੈ।
ਇਨ੍ਹਾਂ ਨੇ ਪੁਲਿਸ ਕੋਲ ਮੰਨਿਆ ਕਿ ਉਨ੍ਹਾਂ ਕਾਰ ਤਾਂ ਚੋਰੀ ਕਰ ਲਈ ਹੈ ਪਰ ਚਲਾਉਣੀ ਨਹੀਂ ਆਉਂਦੀ ਸੀ। ਇਸੇ ਕਾਰਨ ਉਹ ਡਬੌਲੀ ਤੋਂ 10 ਕਿਲੋਮੀਟਰ ਤੱਕ ਕਾਰ ਨੂੰ ਧੱਕਾ ਦੇ ਕੇ ਕਲਿਆਣਪੁਰ ਲੈ ਗਏ। ਉੱਥੇ ਉਨ੍ਹਾਂ ਨੇ ਕਾਰ ਨੰਬਰ ਹਟਾ ਕੇ ਉਸ ਨੂੰ ਸਾਈਡ ‘ਤੇ ਲੁਕੋ ਦਿੱਤਾ। ਉਨ੍ਹਾਂ ਸੋਚਿਆ ਕਿ ਕੋਈ ਵੀ ਕਾਰ ਚਲਾ ਤਾਂ ਸਕਦਾ ਨਹੀਂ, ਇਸ ਲਈ ਕਾਰ ਨੂੰ ਸਕਰੈਪ ਵਿੱਚ ਵੇਚ ਦੇਣਗੇ। ਇਨ੍ਹਾਂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਵੀ ਬਰਾਮਦ ਹੋਏ ਹਨ।