ਕੋਟਕਪੂਰਾ ਗੋਲ਼ੀਕਾਂਡ ਦੀ ‘ਵਿਸ਼ੇਸ਼ ਜਾਂਚ ਟੀਮ’ ਵਲੋਂ ਪੇਸ਼ ਕੀਤੀਆਂ ਗਈਆਂ ਚਲਾਨ ਰਿਪੋਰਟਾਂ ਵਿੱਚ ਅਦਾਲਤ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ, ਜਦਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜੂਰ ਕਰ ਲਈ ਹੈ। ਇਸੇ ਤਰ੍ਹਾਂ ਗੋਲ਼ੀ ਕਾਂਡ ਸਮੇਂ ਫਰੀਦਕੋਟ ਦੇ ਐੱਸਐੱਸਪੀ ਸੁਖਮਿੰਦਰ ਸਿੰਘ ਮਾਨ ਦੀ ਵੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਉਕਤ ਕਾਨੂੰਨੀ ਪ੍ਰਕਿਰਿਆ ਤੋਂ ਇੰਝ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਉੱਪਰ ਗ੍ਰਿਫ਼ਤਾਰੀ ਦੀ ਕਾਰਵਾਈ ਹੋ ਸਕਦੀ ਹੈ ਪਰ ਸੁਖਬੀਰ ਸਿੰਘ ਬਾਦਲ ਅਗਾਊਂ ਜ਼ਮਾਨਤ ਲੈਣ ਲਈ ਅਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਜ਼ਮਾਨਤ ਅਰਜ਼ੀ ਲਗਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਬੀਤੀ 24 ਫਰਵਰੀ ਨੂੰ ਵਿਸ਼ੇਸ਼ ਜਾਂਚ ਟੀਮ ਵਲੋਂ ਕੋਟਕਪੂਰਾ ਗੋਲ਼ੀਕਾਂਡ ਮਾਮਲੇ ਵਿੱਚ ਬਾਦਲ ਪਿਉ-ਪੁੱਤ ਸਮੇਤ ਕੁੱਲ 10 ਅਨਸਰਾਂ ਖ਼ਿਲਾਫ਼ ਚਾਲਾਨ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਾਦਲ ਪਿਉ-ਪੁੱਤ ਸਮੇਤ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਸਾਬਕਾ ਐਸਐਸਪੀ ਸੁਖਮਿੰਦਰ ਸਿੰਘ ਮਾਨ ਨੇ ਵੀ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਵਿਸ਼ੇਸ਼ ਜਾਂਚ ਟੀਮ ਦੇ ਵਕੀਲ ਨੇ ਬਹਿਸ ਦੌਰਾਨ ਅਦਾਲਤ ਨੂੰ ਦੱਸਿਆ ਸੀ ਕਿ ਉਕਤ ਘਟਨਾ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਮਾਸਟਰਮਾਇੰਡ ਹਨ ਤੇ ਪ੍ਰਕਾਸ਼ ਸਿੰਘ ਬਾਦਲ ਨੇ ਮੱਦਦਗਾਰ ਵਜੋਂ ਭੂਮਿਕਾ ਨਿਭਾਈ ਸੀ। ਜਾਂਚ ਟੀਮ ਦੇ ਵਕੀਲ ਨੇ ਬਾਦਲ ਪਿਉ-ਪੁੱਤ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਸੀ ਕਿ ਜੇਕਰ ਬਾਦਲਾਂ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਇਸ ਨਾਲ ਗਵਾਹਾਂ ਉੱਪਰ ਪ੍ਰਭਾਵ ਪੈਣ ਦਾ ਡਰ ਹੈ। ਦੂਜੇ ਪਾਸੇ ਬਾਦਲ ਪਿਓ ਪੁੱਤ ਵਲੋਂ ਪੇਸ਼ ਹੋਏ ਵਕੀਲਾਂ ਨੇ ਦੋਸ਼ ਲਾਇਆ ਕਿ ਸਿਆਸੀ ਲਾਹਾ ਲੈਣ ਲਈ ਬਾਦਲਾਂ ਨੂੰ ਤੰਗ-ਪੇ੍ਰਸ਼ਾਨ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਮੁਲਜ਼ਮ ਪੜਤਾਲ ਦੌਰਾਨ ਤਿੰਨ ਵਾਰ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ ਅਤੇ ਉਹਨਾਂ ਨੇ ਪੜਤਾਲ ਦੌਰਾਨ ਵਿਸ਼ੇਸ਼ ਜਾਂਚ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਹੈ। ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਅਦਾਲਤ ਵਲੋਂ ਅਜੇ 20 ਮਾਰਚ ਨੂੰ ਸੁਣਵਾਈ ਕੀਤੀ ਜਾਣੀ ਹੈ।