ਪੰਜਾਬ ਚ ਕਾਨੂੰਨ ਵਿਵਸਥਾ ਦੀ ਵਿਗੜ ਰਹੀ ਹਾਲਤ ਨੂੰ ਲੈ ਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਬੀ.ਜੇ.ਪੀ. ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆਪਣੇ ਹਜ਼ਾਰਾਂ ਵਰਕਰਾਂ ਸਮੇਤ ਪੰਜਾਬ ਸਰਕਾਰ (ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ) ਦੇ 11 ਮਹੀਨਿਆਂ ਦੇ ਰਾਜ ਦੌਰਾਨ ਸੂਬੇ ‘ਚ ਵਿਗੜੀ ਕਾਨੂੰਨ-ਵਿਵਸਥਾ ਅਤੇ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦੇ ਖਿਲਾਫ 9 ਮਾਰਚ 2023 ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਭਾਜਪਾ ਹੈੱਡਕੁਆਰਟਰ, ਸੈਕਟਰ 37-ਏ, ਚੰਡੀਗੜ੍ਹ ‘ਤੋਂ ਪੈਦਲ ਚੱਲ ਕੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਉਤਰੀ। ਇਸ ਦੌਰਾਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਪ੍ਰਦਰਸ਼ਨ ਦੌਰਾਨ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਕਾਨੂੰਨ ਵਿਵਸਥਾ ਬਣਾਉਣਾ ਮੁੱਖ ਮੰਤਰੀ ਦੀ ਪਹਿਲੀ ਜ਼ਿੰਮੇਵਾਰੀ ਹੈ। ਇਸ ਲਈ ਅਮਨ ਸ਼ਾਂਤੀ ਨੂੰ ਕਿਸੇ ਹਾਲਤ ਵਿੱਚ ਵੀ ਭੰਗ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਆਖਿਆ ਕਿ 4 ਮਹੀਨਿਆਂ ਦੀ ਜਾਂਚ ਤੋਂ ਬਾਅਦ ਸ਼ਰਾਬ ਘੁਟਾਲਾ ਮਾਮਲੇ ਵਿਚ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਮਾਰ ਕੇ ਭਾਜਪਾ ਵਰਕਰਾਂ ਨੂੰ ਪਿੱਛੇ ਕੀਤਾ ਜਾ ਰਿਹਾ ਹੈ।ਬੀਜੇਪੀ ਵਰਕਰਾਂ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਬੀਜੇਪੀ ਵਰਕਰ ਵਿਧਾਨ ਸਭਾ ਵੱਲ ਕੂਚ ਕਰ ਰਹੇ ਹਨ। ਪੁਲਿਸ ਨੇ ਵਿਧਾਨ ਸਭਾ ਵੱਲ ਕੂਚ ਕਰ ਰਹੇ ਕਈ ਭਾਜਪਾ ਵਰਕਰ ਹਿਰਾਸਤ ‘ਚ ਲੈ ਲਏ ਹਨ। ਜਿਸ ਤੋਂ ਬਾਅਦ ਭਾਜਪਾ ਵਰਕਰਾਂ ਅਤੇ ਪੁਲਿਸ ਵਿਚਕਾਰ ਖਿੱਚੋਤਾਣ ਜਾਰੀ ਹੈ। ਪੁਲਿਸ ਵਲੋਂ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਇਸ ਪ੍ਰਦਰਸ਼ਨ ਵਿਚ ਮਹਿਲਾ ਭਾਜਪਾ ਵਰਕਰ ਵੀ ਮੌਜੂਦ ਹਨ। ਭਾਜਪਾ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜਪਾ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ‘ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
-
ਪੁਲਿਸ ਨੇ ਹਿਰਾਸਤ ਚ ਲਏ ਕਈ ਬੀ.ਜੇ.ਪੀ.ਆਗੂ।