ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼

1612 views
35 mins read

ਭਾਰਤ ਰਿਸ਼ੀਆਂ ਮੁਨੀਆਂ, ਪੀਰਾਂ ਪੈਗੰਬਰਾਂ , ਅਵਤਾਰਾਂ , ਗੁਰੂ ਸਾਹਿਬਾਨ ਤੇ ਸ਼ਹੀਦਾਂ ਦੀ ਧਰਤੀ ਹੈ। ਸ਼ਹੀਦ ਅਰਬੀ ਦੇ ਸ਼ਬਦ ਤੁਸ਼ਾਹਿਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਗਵਾਹੀ ਭਰਨਾ ਜਾਂ ਸਾਖੀ ਭਰਨ ਵਾਲਾ।ਭਾਈ ਕਾਨ੍ਹ ਸਿੰਘ ਨਾਭਾ ਜੀ’ ਮਹਾਨ ਕੋਸ਼’ ਵਿਚ ਸ਼ਹੀਦ ਦੇ ਅਰਥ ਕਰਦੇ ਹਨ ਕਿ “ਜਿਸ ਨੇ ਧਰਮ ਯੁੱਧ ਵਿਚ ਜੀਵਨ ਅਰਪਿਆ ਹੋਵੇ ਉਸ ਨੂੰ ਸ਼ਹੀਦ ਕਿਹਾ ਜਾਂਦਾ ਹੈ।” ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਹੀ ਕੌਮਾਂ ਨੂੰ ਜਿੰਦਾਂ ਰੱਖਦੀਆਂ ਹਨ। ਸਤਿਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :ਜਉ ਤਉ ਪ੍ਰੇਮ ਖੇਲਣ ਕਾ ਚਾਉ ।। ਸਿਰੁ ਧਰਿਆ ਤਲੀ ਗਲੀ ਮੇਰੀ ਆਉ।।ਇਤੁ ਮਾਰਗਿ ਪੈਰ ਧਰੀਜੈ ।। ਸਿਰ ਦੀਸੈ ਕਾਣਿ ਨਾ ਕੀਜੈ।।ਇਸ ਪਵਿੱਤਰ ਸ਼ਬਦਾਂ ਦੀ ਪਾਲਣਾ ਕਰਦੇ ਹੋਏ ਬਾਬਾ ਦੀਪ ਸਿੰਘ ਸ਼ਹੀਦ ਜੀ ਨੇ ਆਪਣੀ ਬਿਰਧ ਅਵਸਥਾ ਵਿਚ ਸਾਕਾਰ ਕਰਕੇ ਦਿਖਾਇਆ । ਧਾਰਮਿਕ ਅਸਥਾਨਾਂ ,ਅਬਲਾਵਾਂ ਦੀ ਬੇਪਤੀ ਨੂੰ ਨਾ ਸਹਾਰਦੇ ਹੋਏ ਹੱਥ ਵਿਚ ਖੰਡਾ ਲੈ ਕੇ ਵੈਰੀਆਂ ਦੇ ਆਹੂ ਲਾਹੇ ਤੇ ਆਪ ਸ਼ਹੀਦੀ ਪ੍ਰਾਪਤ ਕੀਤੀ । ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ 14ਮਾਘ ਸੰਮਤ 1739ਬਿਕ੍ਰਮੀ (26 ਜਨਵਰੀ 1682 ਈਸਵੀ ) ਨੂੰ ਪਿਤਾ ਭਾਈ ਭਗਤਾ ਜੀ ਤੇ ਮਾਤਾ ਜੀਉਣੀ ਜੀ ਦੇ ਘਰ ਹੋਇਆ ।ਭਾਈ ਭਗਤਾ ਜੀ ਪਿੰਡ ਪਹੂਵਿੰਡ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਰਹਿੰਦੇ ਸਨ। ਮਾਤਾ ਪਿਤਾ ਨੇ ਬਾਲਕ ਦਾ ਨਾਮ ਦੀਪਾ ਰੱਖਿਆ ।ਦੀਪ ਸਿੰਘ ਜੀ ਨੂੰ ਸਾਰਾ ਪਰਿਵਾਰ ਬਹੁਤ ਪਿਆਰ ਕਰਦੇ ਸਨ। ਮਾਤਾ ਪਿਤਾ ਨੇ ਦੀਪ ਸਿੰਘ ਨੂੰ ਗੁਰਮੁਖੀ ਦੀ ਵਿਦਿਆ ਦੇ ਨਾਲ-ਨਾਲ ਗੁਰਬਾਣੀ ਦਾ ਪਾਠ ਕਰਨਾ ਵੀ ਕੰਠ ਕਰਵਾ ਦਿੱਤਾ ਸੀ। ਦੀਪਾ ਜਵਾਨ ਹੋਇਆ ਤੇ ਉਸ ਨੂੰ ਘੋੜ ਸਵਾਰੀ , ਤਲਵਾਰ ਬਾਜ਼ੀ, ਨੇਜ਼ਾਬਾਜੀ, ਕੁਸ਼ਤੀ ਕਰਨ ਦਾ ਬਹੁਤ ਸ਼ੌਕ ਸੀ। ਜੰਗੀ ਖੇਡਾਂ ਖੇਡਣ ਦਾ ਅਭਿਆਸ ਕਰਨਾ ਉਸ ਦਾ ਨਿੱਤਾਪ੍ਰਤੀ ਦਾ ਕੰਮ ਸੀ।18ਸਾਲ ਦੀ ਭਰ ਜਵਾਨੀ ਦੀ ਉਮਰ ਵਿਚ ਦੀਪ ਸਿੰਘ ਮਾਤਾ ਪਿਤਾ ਦੇ ਸਾਥ ਇਹ1699ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਹੋਏ। ਪਰ ਅਗਲੇ ਸਾਲ 1700ਈਸਵੀ ਨੂੰ ਦੀਪ ਸਿੰਘ ਜੀ ਨੇ ਮਾਤਾ ਪਿਤਾ ਸਮੇਤ ਗੁਰੂ ਜੀ ਪਾਸੋਂ ਅੰਮ੍ਰਿਤਪਾਨ ਕੀਤਾ ਤੇ ਸਿੰਘ ਸਜ ਗਿਆ । ਭਰ ਜਵਾਨੀ ਵਿਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਦੀਕੀ ਸਾਂਝ, ਹਥਿਆਰਾਂ ਦੀ ਸਿਖਲਾਈ, ਘੋੜਸਵਾਰੀ ਅਤੇ ਹੋਰ ਮਾਰਸ਼ਲ ਕੁਸ਼ਲਤਾਵਾਂ ਵਿਚ ਕਾਫ਼ੀ ਸਮਾਂ ਬਤੀਤ ਕੀਤਾ। ਭਾਈ ਮਨੀ ਸਿੰਘ ਤੋਂ ਗੁਰਬਾਣੀ ਦੀ ਸੰਥਿਆ ਲਈ ਗੁਰੂਆਂ ਦੇ ਸ਼ਬਦਾਂ ਦੀ ਵਿਆਖਿਆ ਹਾਸਲ ਕੀਤੀ। ਬਾਬਾ ਦੀਪ ਸਿੰਘ ਜੀ ਪੰਜ ਸਾਲ ਅਨੰਦਪੁਰ ਸਾਹਿਬ ਰਹੇ ਤੇ ਇਨ੍ਹਾਂ ਨੇ ਆਨੰਦਪੁਰ ਦੀਆਂ ਮੁੱਢਲੀਆਂ ਲੜਾਈਆਂ ਵਿਚ ਗੁਰੂ ਜੀ ਦੇ ਸਾਥ ਰਹਿ ਕੇ ਬਹੁਤ ਬਹਾਦਰੀ ਦਿਖਾਈ ਤੇ ਹਮੇਸ਼ਾਂ ਗੁਰੂ ਜੀ ਦੇ ਅੰਗ ਸੰਗ ਰਹੇ।20 ਦਸੰਬਰ 1704 ਈਸਵੀ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਨੂੰ ਛੱਡਿਆ ਤਾਂ ਬਾਬਾ ਦੀਪ ਸਿੰਘ ਜੀ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਨਾਲ ਦਿੱਲੀ ਚਲੇ ਗਏ। ਕੁਝ ਸਮਾਂ ਦਿੱਲੀ ਰਹਿਣ ਉਪਰੰਤ 15 ਫਰਵਰੀ 1705 ਈਸਵੀ ਨੂੰ ਵਾਪਿਸ ਆਪਣੇ ਨਗਰ ਪਹੂਵਿੰਡ ਆ ਗਏ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਤੇ ਮੁਕਤਸਰ ਦੀਆਂ ਜੰਗਾਂ ਦੀ ਸਮਾਪਤੀ ਤੋਂ ਬਾਅਦ ਆਪਣਾ ਪਰਿਵਾਰ ਸ਼ਹੀਦ ਕਰਵਾਉਣ ਉਪਰੰਤ 21 ਜਨਵਰੀ 1705 ਈਸਵੀ ਤਲਵੰਡੀ ਸਾਬੋ (ਬਠਿੰਡਾ) ਪਹੁੰਚੇ ।ਜੋ ਕਿ ਸਿੱਖ ਪੰਥ ਦੇ ਪੰਜਵੇਂ ਤਖ਼ਤ ਦਮਦਮਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ ।ਇੱਥੇ ਰਹਿ ਕੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਨ ਦਾ ਸੰਕਲਪ ਲਿਆ ਤੇ ਗੁਰੂ ਜੀ ਨੇ ਇਸ ਕਾਰਜ ਲਈ ਬਾਬਾ ਦੀਪ ਸਿੰਘ ਜੀ ਨੂੰ ਪਹੁਵਿੰਡ ਤੋਂ ਦਮਦਮਾ ਸਾਹਿਬ ਮੰਗਵਾ ਕੇ ਭਾਈ ਮਨੀ ਸਿੰਘ ਜੀ ਨਾਲ ਬੀੜ ਸਾਹਿਬ ਮੁਕੰਮਲ ਕਰਨ ਲਈ ਸਹਿਯੋਗੀ ਨਿਯੁਕਤ ਕੀਤੇ ਗਏ ।ਗੁਰੂ ਜੀ ਨੇ ਨੌੰ ਮਹੀਨੇ ਨੌੰ ਦਿਨ ਨੌੰ ਘੜੀਆਂ ਵਿੱਚ ਇਹ ਕਾਰਜ ਮੁਕੰਮਲ ਕਰਾਇਆ ਜੋ ਦਮਦਮੀ ਬੀੜ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ। ਬਾਬਾ ਜੀ ਦੇ ਬੀੜ ਸਾਹਿਬ ਦੇ ਚਾਰ ਉਤਾਰੇ ਕਰਕੇ ਤਖ਼ਤ ਸ੍ਰੀ ਪਟਨਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਭੇਜੇ । ਬਾਬਾ ਦੀਪ ਸਿੰਘ ਜੀ ਕੇਵਲ ਪੰਜਾਬੀ ਭਾਸ਼ਾ ਦੇ ਵਿਦਵਾਨ ਹੀ ਨਹੀਂ ਸਨ ਸਗੋਂ ਅਰਬੀ ਫਾਰਸੀ ਦੇ ਫਿਲਾਸਫਰ ਸਨ ।ਉਸ ਸਮੇਂ ਦੀਆਂ ਪ੍ਰਚਲਤ ਭਾਸ਼ਾ ਅਰਬੀ, ਫਾਰਸੀ ਤੇ ਸੰਸਕ੍ਰਿਤ ਦਾ ਗਿਆਨ ਵੀ ਹਾਸਲ ਕੀਤਾ । ਵਿਦਵਾਨਾਂ ਦਾ ਮੱਤ ਹੈ ਕਿ ਬੀੜ ਸਾਹਿਬ ਦਾ ਉਤਾਰਾ ਅਰਬੀ ਭਾਸ਼ਾ ਵਿੱਚ ਕਰਕੇ ਅਰਬ ਦੇਸ਼ ਭੇਜਿਆ ਗਿਆ । ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਇਸਲਾਮੀ ਮੱਤ ਵਿੱਚ ਵੀ ਪ੍ਰਚਲਤ ਹੈ । ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚ ਅਨੇਕਾਂ ਘਟਨਾਵਾਂ ਦਾ ਵਰਣਨ ਆਉਂਦਾ ਹੈ ਕਿ ਚਾਰ ਬੀੜਾਂ ਦੇ ਉਤਾਰੇ ਕਰਨ ਬਾਅਦ ਗੁਰੂ ਪਿਤਾ ਦਸਮੇਸ਼ ਜੀ ਦੀ ਬਾਣੀ ਇਕੱਠੀ ਕਰਨ ਦਾ ਉਪਰਾਲਾ ਕੀਤਾ।”ਮਿੱਤਰ ਪਿਆਰੇ ਨੂੰ ਹਾਲ ਫ਼ਕੀਰਾਂ ਦਾ ਕਹਿਣਾ” ਦੀ ਬਜਾਏ “ਹਾਲ ਮੁਰੀਦਾਂ ਦਾ ਕਹਿਣਾ” ਲਿਖ ਕੇ ਸਿਰ ਦੇਣ ਦਾ ਪ੍ਰਣ ਲਿਆ ਤੇ ਜਿੰਦਾ ਸ਼ਹੀਦ ਹੋਣ ਦਾ ਮਾਣ ਹਾਸਲ ਕੀਤਾ । 1748 ਈਸਵੀ ਵਿਚ ਮਿਸਲਾਂ ਬਣੀਆਂ ਤਾਂ ਸ਼ਹੀਦਾਂ ਦੀ ਮਿਸਲ ਵੱਖਰੀ ਬਣ ਗਈ ,ਜਿਸ ਦੀ ਖੁਦ ਮੁਖਤਿਆਰੀ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਗਈ ਸੀ।ਲਾਲਾ ਧਨੀ ਰਾਮ ਚਾਤ੍ਰਿਕ ਲਿਖਦੇ ਹਨ:ਬਾਬਾ ਦੀਪ ਸਿੰਘ ਗੁਰੂ ਪਿਆਰੇ,ਮਿਸਲ ਸ਼ਹੀਦ ਬਨਾਵਣ ਹਾਰੇ। ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਕਈ ਹਮਲੇ ਕੀਤੇ ਤੇ ਇੱਥੋਂ ਦੀਆਂ ਅਬਲਾ ਔਰਤਾਂ, ਧੀਆਂ, ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਤੇ ਇੱਥੇ ਮੁੰਡੇ ਕੁੜੀਆਂ ਨੂੰ ਗੁਲਾਮ ਬਣਾ ਕੇ ਰੱਖਿਆ ਤੇ ਅਰਬ ਵਿੱਚ ਮੁੱਲ ਵੇਚਿਆ ਜਾਂਦਾ ਸੀ ।ਜਦੋਂ ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪਤਾ ਲੱਗਾ ਤੇ ਉਨ੍ਹਾਂ ਨੇ ਮਿਸਲਾਂ ਦੇ ਸਰਦਾਰਾਂ ਨੂੰ ਲਿਖ ਕੇ ਭੇਜਿਆ ਕਿ “ਜੇਕਰ ਅਹਿਮਦ ਸ਼ਾਹ ਹਿੰਦੋਸਤਾਨ ਦੀ ਇੱਜ਼ਤ ਆਬਰੂ ਲੁੱਟ ਕੇ ਲਿਜਾਂਦਾ ਰਿਹਾ ਤਾਂ ਖ਼ਾਲਸੇ ਸਿਰ ਕਲੰਕ ਹੈ” ਜਦੋਂ ਇਹ ਖ਼ਬਰ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਕਿ ਤੈਮੂਰ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰ ਦਿੱਤੀ ਹੈ ਤਾਂ ਬਾਬਾ ਜੀ ਦਮਦਮਾ ਸਾਹਿਬ ਤੋਂ ਚੱਲ ਕੇ ਰਸਤੇ ਵਿਚ ਕਈ ਪੜਾਅ ਕਰਦੇ ਹੋਏ ਬਹੁਤ ਸਾਰੇ ਯੋਧਿਆਂ ਨੂੰ ਨਾਲ ਲੈ ਕੇ ਤਰਨਤਾਰਨ ਪੁੱਜ ਗਏ ।ਬਾਬਾ ਜੀ ਨੇ ਤਰਨਤਾਰਨ ਤੋਂ ਬਾਹਰ ਆ ਕੇ ਲਕੀਰ ਖਿੱਚ ਦਿੱਤੀ ਕਿ ਜੇਕਰ ਕਿਸੇ ਨੂੰ ਜਾਨ ਪਿਆਰੀ ਹੈ ਤਾਂ ਪਿੱਛੇ ਮੁੜ ਜਾਵੋ ।ਸਾਰੇ ਸੂਰਬੀਰ ਲਕੀਰ ਨੂੰ ਪਾਰ ਕਰਕੇ ਜੰਗ ਦੀਆਂ ਤਿਆਰੀਆਂ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਵੱਲ ਰਵਾਨਾ ਹੋਏ । ਗੋਹਲਵਾੜ ਦੇ ਸਥਾਨ ਤੇ ਬਾਬਾ ਦੀਪ ਸਿੰਘ ਜੀ ਦੀ ਟੱਕਰ ਜਹਾਨ ਖ਼ਾਨ ਤੇ ਮੁਗਲਈ ਫ਼ੌਜ ਨਾਲ ਹੋਈ ਜਹਾਨ ਖਾਂ ਨੱਥਾ ਸਿੰਘ ਦੇ ਦਿਆਲ ਸਿੰਘ ਬਾਬਾ ਜੀ ਹੱਥੋਂ ਮਾਰਿਆ ਗਿਆ । ਬਾਬਾ ਦੀਪ ਸਿੰਘ ਜੀ ਨੇ ਮੁਗਲਾਂ ਦੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਜਮਾਲ ਖ਼ਾਨ ਨਾਲ ਆਹਮੋ ਸਾਹਮਣੇ ਟੱਕਰ ਹੋਈ । ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ : ਚਲੀ ਤੇਗ ਅਤਿ ਬੇਗ ਸੈ ਦੋਹੂ ਕੇਰਬਲ ਧਾਰ । ਉਤਰ ਗਏ ਸਿਰ ਦੋਹਾਂ ਦੇ ਪਰਸ ਪਰੈ ਇਕ ਸਾਰ । ਅੰਤ ਬਾਬਾ ਦੀਪ ਸਿੰਘ ਜੀ ਨੇ ਆਪਣਾ ਪ੍ਰਣ ਪੂਰਾ ਕੀਤਾ ਤਾਂ ਸੀਸ ਸ੍ਰੀ ਦਰਬਾਰ ਸਾਹਿਬ ਵਿੱਚ ਭੇਟ ਕੀਤਾ ।ਇਹ ਘਟਨਾ 11ਨਵੰਬਰ 1757 ਈਸਵੀ ਦੀ ਹੈ । ਲਾਲਾ ਧਨੀ ਰਾਮ ਚਾਤ੍ਰਿਕ ਲਿਖਦੇ ਹਨ : ਧਰਮ ਧੁਜਾ ਫਹਿਰਾ ਗਏ ਕਰ ਕੁਰਬਾਨ ਸਰੀਰ ਦੀ । ਜਗ ਪ੍ਰਸਿੱਧ ਅਜ ਹੋ ਗਏ ਦੀਪ ਸਿੰਘ ਬਲਵੀਰ । ਧਰਮ ਪਾਲ ਪ੍ਰਾਣ ਪਾਲਿਆ ਕੀਤਾ ਯੁੱਧ ਅਪਾਰ ।ਫਤੇ ਗਜਾ ਕੇ ਅੰਤ ਦੀ ਗੁਰਪੁਰ ਗਏ ਸੁਧਾਰ । ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਰੀਰ ਦਾ ਸਸਕਾਰ ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਕੀਤਾ ।ਉਸ ਅਸਥਾਨ ਤੇ ਗੁਰਦੁਆਰਾ ਸ਼ਹੀਦ ਗੰਜ ਹੈ ਅਤੇ ਜਿਸ ਜਗ੍ਹਾ ਬਾਬਾ ਜੀ ਨੇ ਸੀਸ ਟਿਕਾਇਆ। ਉਹ ਦਰਬਾਰ ਸਾਹਿਬ ਜੀ ਦੇ ਸਰੋਵਰ ਦੀ ਪਰਿਕਰਮਾ ਵਿੱਚ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਬਣਿਆ ਹੈ ਜਿੱਥੇ ਹਰ ਸਿੱਖ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਅੱਜ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮੂੰਹ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਜੀ।ਬੂਟਾ ਸਿੰਘ ਪੰਡੋਰੀ ਸੇਵਾ ਮੁਕਤ ਕਾਨੂੰਗੋ981524457125-1-2023

ACTIVE
This is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਕਾਠਗੜੵ ਦੀ ਪੁਲਿਸ ਵਲੋੰ ਸੱਤ ਹਜ਼ਾਰ ਰੁਪਏ ਦੀ ਡਰੱਗ ਮਨੀ ਤੇ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵਿਆਕਤੀ ਕਾਬੂ।

Next Story

Pathaan BO Collection: KGF 2, RRR से आगे निकला पठान; पहले ही दिन 100 करोड़ क्लब में शामिल शाहरुख खान की फिल्म!

Latest from Blog

Website Readers