ਜਲੰਧਰ(ਮੋਹਨ ਲਾਲ) : ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਅਤਿ ਆਧੁਨਿਕ ਬਰਨ ਯੂਨਿਟ ਅਤੇ ਆਰ.ਟੀ.-ਪੀ.ਸੀ.ਆਰ. ਸੈਂਪਲਿੰਗ ਤੇ ਟੈਸਟਿੰਗ ਲੈਬ ਜਲਦ ਸ਼ੁਰੂ ਹੋਣ ਜਾ ਰਹੀ ਹੈ । ਅਤਿ ਆਧੁਨਿਕ ਸਹੂਲਤਾਂ ਨਾਲ ਲੈਸ 14 ਬਿਸਤਰਿਆਂ ਵਾਲਾ ‘ਬਰਨ ਵਾਰਡ’ ਜਿਸ ਨੂੰ 19 ਬੈਡਾਂ ਤੱਕ ਵਧਾਇਆ ਜਾ ਸਕਦਾ ਹੈ ਮਰੀਜ਼ਾਂ ਨੂੰ ਅਤਿ-ਆਧੁਨਿਕ ਸਿਹਤ ਸਹੂਲਤਾਂ ਰਾਹੀਂ ਲੋੜੀਂਦਾ ਇਲਾਜ ਪ੍ਰਦਾਨ ਕਰੇਗਾ। ਇਹ ਨਵਾਂ ਬਣਿਆ ਬਰਨ ਯੂਨਿਟ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ ਅਤੇ ਮਰੀਜ਼ਾਂ ਦੀ ਸਹੂਲਤ ਲਈ ਇਸ ਵਿੱਚ ਮੁਕੰਮਲ ਗੈਸ ਪਾਈਪ ਲਾਈਨ ਲਗਾਈ ਗਈ ਹੈ।
ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਜਿਨ੍ਹਾਂ ਦੇ ਨਾਲ ਸਿਵਲ ਸਰਜਨ ਡਾ.ਰਮਨ ਸ਼ਰਮਾ ਅਤੇ ਸੀਨੀਅਰ ਡਾਕਟਰਾਂ ਦੀ ਟੀਮ ਮੌਜੂਦ ਸੀ, ਵਲੋਂਬੀਤੇ ਦਿਨ ਬਰਨ ਵਾਰਡ, ਆਰ.ਟੀ.-ਪੀ.ਸੀ.ਆਰ. ਸੈਂਪਲਿੰਗ ਤੇ ਟੈਸਟਿੰਗ ਲੈਬ ਅਤੇ ਆਕਸੀਜਨ ਪਲਾਂਟਾਂ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਨ ਵਾਰਡ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ 1.25 ਕਰੋੜ ਰੁਪਏ ਦੀ ਲਾਗਤ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਵਿੱਚ ਇਹ ਬਰਨ ਵਾਰਡ ਸ਼ੁਰੂ ਹੋ ਜਾਵੇਗੀ ਅਤੇ ਮਰੀਜ਼ਾਂ ਨੂੰ ਵੱਡੀ ਰਾਹਤ ਪਹੁੰਚਾਏਗੀ ।