ਪੁਲਿਸ ਅਕਸਰ ਜਨਤਾ ਨੂੰ ਕਹਿੰਦੀ ਹੈ ਕਿ ਅਗਰ ਕਿਤੇ ਕੋਈ ਲਾਵਾਰਿਸ ਵਸਤੂ ਦਿਸੇ ਤਾਂ ਸਾਨੂੰ ਇਤਲਾਹ ਕਰੋ, ਪਰ ਇੱਥੇ ਵਾਰ ਵਾਰ ਇਤਲਾਹ ਦੇਣ ਤੇ ਵੀ ਨਹੀ ਸਰਕੇ ਜ਼ੂੰ.. ਤਾਂ ਜਨਤਾ ਕੀ ਕਰੇ?
ਹਰਸ਼ ਗੋਗੀ
ਨਕੋਦਰ: ਵੈਸੇ ਤਾਂ ਅਸੀ ਅਕਸਰ ਕਹਿੰਦੇ ਸੁਣਦੇ ਹਾਂ ਕਿ ਜਾਂ ਲਿਖਿਆ ਪੜ੍ਹਦੇ ਹਾਂ ਕਿ ਅਗਰ ਕਿਤੇ ਵੀ ਕੋਈ ਲਾਵਾਰਸ ਵਸਤੂ ਦਿਖੇ ਤਾਂ ਤੁਰੰਤ ਨਜ਼ਦੀਕੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਪਰ ਇਹਨਾਂ ਗੱਲਾਂ ਨੂੰ ਆਖਿਰ ਪੁਲਿਸ ਕਿੰਨਾ ਕੁ ਗੰਭੀਰਤਾ ਨਾਲ ਲੈਂਦੀ ਹੈ ਇਸ ਦੀ ਮਿਸਾਲ ਪਿਛਲੇ ਹਫਤੇ ਵੀਰਵਾਰ ਸ਼ਾਮ ਨੂੰ ਬਾਬਾ ਸਾਹੇਬ ਅੰਬੇਡਕਰ ਚੌਂਕ ਨਕੋਦਰ ਦੀ ਨੁਕਰ ਵਾਲੀ ਮਾਰਕੀਟ ਦੀ ਐਂਟਰੀ ਤੇ ਇਕ ਕਾਲੇ ਰੰਗ ਦੀ ਟੀਵੀਐੱਸ ਜੁਪੀਟਰ ਸਕੂਟਰੀ ਨੰਬਰ PB08 EA 9927 ਕੋਈ ਵਿਆਕਤੀ ਬਿਨਾਂ ਕਿਸੇ ਨੂੰ ਦੱਸੇ ਖੜ੍ਹੀ ਕਰਕੇ ਗਿਆ। ਐਤਵਾਰ ਇੱਕ ਦੁਕਾਨਦਾਰ ਨੇ ਸਾਨੂੰ ਦੱਸਿਆ ਕਿ ਇਹ ਸਕੂਟਰੀ ਵੀਰਵਾਰ ਦੀ ਇੱਥੇ ਖੜੀ ਹੈ ਅਤੇ ਕੋਈ ਇਸਨੂੰ ਲੈਣ ਨਹੀ ਆਇਆ। ਅਸੀਂ ਤੁਰੰਤ ਥਾਣਾ ਸਿਟੀ ਐੱਸ ਐੱਚ ਓ ਨੂੰ ਇਸ ਬਾਰੇ ਸੂਚਿਤ ਕੀਤਾ ਉਹਨਾਂ ਨੇ ਸ਼ਹਿਰੋਂ ਬਾਹਰ ਹੋਣ ਦਾ ਹਵਾਲਾ ਦਿੰਦਿਆਂ ਆਕੇ ਕਾਰਵਾਈ ਕਰਨ ਦਾ ਕਿਹਾ। ਪਰੰਤੂ ਅਗਲੇ ਦਿਨ ਵੀ ਜਦੋ ਉੱਥੇ ਕਿਸੇ ਦੇ ਨਾ ਪਹੁੰਚਣ ਦਾ ਪਤਾ ਲੱਗਾ ਤਾਂ ਫਿਰ ਐੱਸ ਐੱਚ ਓ ਨੂੰ ਫੌਨ ਕੀਤਾ ਉਹਨਾਂ ਫੌਰਨ ਕਾਰਵਾਈ ਦਾ ਕਿਹਾ। ਮੰਗਲਵਾਰ ਵੀ ਉੱਥੇ ਕੋਈ ਨਹੀਂ ਪਹੁੰਚਿਆ ਤਾਂ ਇਹ ਗੱਲ ਐੱਫ ਐੱਮ ਸੀ ਪੀ ਸੀ ਦੇ ਸਕੱਤਰ ਮਲਕੀਤ ਚੁੰਬਰ ਹੋਰਾਂ ਨੂੰ ਪਤਾ ਲੱਗੀ ਉਹਨਾਂ ਵੀ ਪੁਲਿਸ ਥਾਣੇ ਫੋਨ ਕੀਤਾ ਉਹਨਾਂ ਨੂੰ ਸਿਰਫ਼ ਕਾਰਵਾਈ ਦਾ ਭਰੋਸਾ ਹੀ ਮਿਲਿਆ..ਕਾਰਵਾਈ ਨਹੀ.. ਅਤੇ ਖ਼ਬਰ ਲਿਖੇ ਜਾਣ ਤੱਕ ਸਕੂਟਰੀ ਉਥੇ ਹੀ ਖੜੀ ਸੀ ਅਤੇ ਕੋਈ ਮੁਲਾਜ਼ਮ ਇਸ ਬਾਰੇ ਕਾਰਵਾਈ ਕਰਨ ਨਹੀ ਪਹੁੰਚਿਆ ਸੀ।