ਨਕੋਦਰ: ਕੱਲ 7 ਦਸੰਬਰ ਦੇਰ ਸ਼ਾਮ ਕਰੀਬਨ ਪਾਉਣੇ 9 ਵਜੇ ਨਕੋਦਰ ਸ਼ਹਿਰ ਦੇ ਇੱਕ ਰੈਡੀਮੇਡ ਕੱਪੜਾ ਵਪਾਰੀ ਭੁਪਿੰਦਰ ਸਿੰਘ ਚਾਵਲਾ (ਟਿੰਮੀ ਚਾਵਲਾ) ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੇ ਦਿੱਤਾ ਗਿਆ। ਮ੍ਰਿਤਕ ਆਪਣੀ ਦੁਕਾਨ ਬੰਦ ਕਰਕੇ ਗੱਡੀ ਚ ਬੈਠਾ ਹੀ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਗੋਲੀਆਂ ਲਗਦੇ ਸਾਰ ਹੀ ਉਸਨੂੰ ਨਜ਼ਦੀਕ ਸਿਵਿਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ ਅਤੇ ਦੂਸਰੇ ਵਿਆਕਤੀ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਜਲੰਧਰ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਨਕੋਦਰ ਪੁਲਿਸ ਟੀਮ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉੱਚ ਅਧਿਕਾਰੀਆਂ ਨੇ ਭਰੋਸਾ ਦਵਾਇਆ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ (ਟਿੰਮੀ ਚਾਵਲਾ) ਪੁੱਤਰ ਹਰਮਿੰਦਰ ਸਿੰਘ ਚਾਵਲਾ ਵਾਸੀ ਨਕੋਦਰ ਵਜੋਂ ਹੋਈ ਹੈ ਜੋ ਕਿ ਰਾਇਲ ਟਾਵਰ ਵਿੱਚ ਰੈਡੀਮੈਡ ਗਾਰਮੇਂਟਸ ਦਾ ਕੰਮ ਕਰਦਾ ਸੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਾਬਕਾ ਨਕੋਦਰ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਮੌਕੇ ਤੇ ਪਹੁੰਚੇ ਅਤੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਵਡਾਲਾ ਸਾਹਬ ਨੇ ਪੰਜਾਬ ਦੇ ਹਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ, ਜਿਹੋ ਜਿਹੇ ਹਾਲਾਤ ਹਨ ਛੋਟੇ ਸ਼ਹਿਰਾਂ ਵਿੱਚ ਬੰਦੇ ਜਾ ਰਹੇ ਨੇ ਬਹੁਤ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਮਾੜੀ ਪਰਵਿਰਤੀ ਦੇ ਲੋਕਾਂ ਦਾ ਹੌਂਸਲਾ ਇੰਨਾ ਵਧ ਗਿਆ ਹੈ ਕਿ ਪੁਲਿਸ ਸਟੇਸ਼ਨ ਤੋਂ ਇੱਕ ਮਿੰਟ ਦੀ ਦੂਰੀ ਤੇ ਇੱਕ ਨਾਮੀ ਕੱਪੜਾ ਵਪਾਰੀ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ।
ਗੋਲੀਆਂ ਚੱਲਣ ਦੀ ਘਟਨਾ ਦੀ ਖਬਰ ਸੁਣਦੇ ਸਾਰ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੁਕਾਨਦਾਰ ਆਪਸ ਵਿੱਚ ਚਿੰਤਾ ਜਤਾਉਣ ਲੱਗ ਪਏ ਨੇ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵਿਭਾਗ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਸਨ ਅਤੇ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਸੀ।
ਦੱਸ ਦਈਏ ਕਿ ਇਹ ਉਹੀ ਕੱਪੜਾ ਵਪਾਰੀ ਹੈ ਜਿਸਨੂੰ ਬੀਤੇ ਦਿਨੀਂ 30 ਲੱਖ ਦੀ ਫਿਰੌਤੀ ਦੀ ਧਮਕੀ ਮਿਲੀ ਸੀ ਅਤੇ ਫਿਰੌਤੀ ਦੀ ਰਕਮ ਨਾ ਦੇਣ ਦੀ ਹਾਲਤ ਚ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਿਸਦੇ ਚਲਦਿਆਂ ਪੁਲਿਸ ਵਲੋਂ ਸੁਰੱਖਿਆ ਵੀ ਦਿੱਤੀ ਗਈ ਸੀ। ਹਮਲੇ ਦੌਰਾਨ ਦਿੱਤੀ ਗਈ ਸੁਰੱਖਿਆ ਗੰਨਮੈਨ ਵੀ ਗੰਭੀਰ ਜ਼ਖਮੀ ਹੋਇਆ ਜੋ ਕਿ ਖ਼ਬਰ ਲਿਖੇ ਜਾਣ ਤੱਕ ਜ਼ੇਰੇ ਇਲਾਜ਼ ਹੈ।