ਨਕੋਦਰ: ਸ਼ਹਿਰ ਵਿੱਚ ਟ੍ਰੈਫਿਕ ਦੇਖ ਲੱਗਦਾ ਨਗਰ ਪ੍ਰਸ਼ਾਸ਼ਨ ਕਿਤੇ ਗੁਫ਼ਾ ‘ਚ ਸਮਾਧੀ ਲਈ ਪਿਆ ਸੁੱਤਾ.. ਇਹ ਗੱਲ ਕਹਿਣੀ ਪਈ ਕਿਉਂਕਿ ਮਿਤੀ 7 ਨਵੰਬਰ ਨੂੰ ਨਕੋਦਰ ਦੇ ਬਾਬਾ ਸਾਹਿਬ ਅੰਬੇਡਕਰ ਚੌਂਕ ਵਿੱਚ ਲੱਗੇ 28 ਮਿੰਟ ਦੇ ਟ੍ਰੈਫਿਕ ਜਾਮ ਵਿੱਚ ਫਸੇ ਮੇਰੇ ਜਿਹੇ ਕਈ ਵਿਆਕਤੀਆਂ ਦੀ ਹਾਲਤ ਨੇ ਮਜ਼ਬੂਰ ਕੀਤਾ।

ਬੀਤੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਨਕੋਦਰ ਤੋਂ ਨਗਰ ਕੌਂਸਲ ਨਕੋਦਰ ਦੇ ਅਧਿਕਾਰੀਆਂ ਵੱਲੋਂ ਰੇੜੀ ਵਾਲਿਆਂ ਦੁਕਾਨਦਾਰਾਂ ਤੇ ਟਰੈਫਿਕ ਦੀ ਸਮੱਸਿਆ ਨੂੰ ਲੈ ਕੇ ਕਾਰਵਾਈ ਕੀਤੀ ਗਈ, ਦੁਕਾਨਦਾਰਾਂ ਵਲੋਂ ਰੋਡ ‘ਤੇ ਕੀਤੇ ਨਜ਼ਾਇਜ਼ ਕਬਜ਼ੇ ਹਟਾਏ ਗਏ, ਡਿੱਚ ਮਸ਼ੀਨਾ ਚੱਲੀਆਂ, ਢਾਹ ਢਵੱਈਆ ਹੋਇਆ ਮਿਲਿਆ ਕੀ?

ਸਮਾਨ ਹੱਟਣ ਨਾਲ ਸਗੋ ਮੂਰਖ ਲੋਕਾਂ ਵਲੋਂ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਗੱਡੀਆਂ ਖੜ੍ਹੀਆਂ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਜਾਮ, ਟੱਕਰ ਆਦਿ ਵਰਗੀਆਂ ਸਮੱਸਿਆਵਾਂ ਵੱਧ ਗਈਆਂ। ਇਨਾਂ ਕਾਰਵਾਈਆਂ ਨਾਲ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਪਰ ਦੁਕਾਨਦਾਰ ਦੀਆਂ ਮੁਸ਼ਕਲਾਂ ਹੋਰ ਵਧ ਗਈਆ। ਬੇਸ਼ੱਕ ਜੇਕਰ ਕੋਈ ਵੀ ਰੇੜੀ ਵਾਲਾ ਜਾ ਦੁਕਾਨਦਾਰ ਆਪਣੀ ਹੱਦ ਤੋਂ ਬਾਹਰ ਸਮਾਨ ਰੱਖਦਾ ਹੈ ਤਾਂ ਉਸ ‘ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜੋ ਵੀ ਜੁਰਮਾਨਾ ਹੈ ਕਰਨਾ ਚਾਹੀਦਾ ਹੈ।

ਪਰੰਤੂ ਇਹਨਾਂ ਹਾਲਾਤਾਂ ਨੂੰ ਕਾਬੂ ‘ਚ ਕਰਨ ਲਈ ਸ਼ਹਿਰ ਅੰਦਰ (TRvTS) ਟ੍ਰੈਫਿਕ-ਜੈਮ ਰਿਸਪੋਂਸੀਬਲ ਵਹੀਕਲ ਟੋਅ ਸਿਸਟਮ ਚਲਾਉਣਾ ਬਹੁਤ ਜਰੂਰੀ ਹੋ ਗਿਆ ਹੈ। ਜਿਸ ਅਧੀਨ ਅਗਰ ਕੋਈ ਨਿੱਜੀ ਵਹੀਕਲ ਸੜਕ, ਦੁਕਾਨ ਅੱਗੇ ਗਲਤ ਜਾਂ ਪਾਰਕਿੰਗ ਦਾਇਰੇ ਤੋਂ ਬਾਹਰ ਖੜ੍ਹਾ ਹੈ ਤਾਂ ਉਸ ਨੂੰ ਟੋਅ ਕਰਕੇ ਸ਼ਹਿਰੋਂ ਬਾਹਰ ਬਣੇ ਯਾਰਡ ਵਿੱਚ ਲਿਆਂਦਾ ਜਾਵੇ ਅਤੇ ਉਸ ਦੀ ਰਿਕਵਰੀ ਵੇਲੇ ਮਾਲਕ ਨੂੰ ਭਾਰੀ ਜ਼ੁਰਮਾਨਾ ਕੀਤਾ ਜਾਵੇ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ‘ਤੇ ਬੱਸਾਂ ਅਤੇ ਹੋਰ ਭਾਰੀ ਵਹੀਕਲਜ਼ ‘ਤੇ ਨਿਰਧਾਰਿਤ ਸਮੇਂ ਲਈ ਰੋਕ ਲੱਗਣੀ ਚਾਹੀਦੀ ਹੈ। ਅਗਰ ਫੇਰ ਵੀ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸ ਨੂੰ ਵੀ ਜ਼ੁਰਮਾਨਾ ਕੀਤਾ ਜਾਵੇ।

ਇਸ ਸਿਸਟਮ ਨਾਲ ਜਿੱਥੇ ਨਗਰ ਪ੍ਰਸ਼ਾਸ਼ਨ ਦੀ ਆਰਥਿਕ ਮਦਦ ਹੋਵੇਗੀ ਉੱਥੇ ਬਿਨਾਂ ਕਿਸੇ ਦੁਕਾਨਦਾਰ ਜਾਂ ਰੇੜੀ ਵਾਲੇ ਨੂੰ ਤੰਗ ਕੀਤਿਆਂ ਟ੍ਰੈਫਿਕ ਸਮੱਸਿਆ ਦਾ ਵੀ ਹੱਲ ਹੋ ਸਕੇਗਾ ਬਾਸ਼ਰਤ ਕਿ ਸਿਸਟਮ ਸਹੀ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਲਗਾਤਾਰ 15 ਦਿਨ ਇਸ ਸਿਸਟਮ ਨੂੰ ਲਾਗੂ ਕਰਨ ਨਾਲ ਹੀ ਟ੍ਰੈਫਿਕ ਜਾਮ ਦੀ ਸੱਮਸਿਆ 40 ਪ੍ਰਤੀਸ਼ਤ ਖੱਤਮ ਹੋ ਜਾਵੇਗੀ। ਹੁਣ ਦੇਖਣਾ ਹੈ ਕਿ ਨਗਰ ਪ੍ਰਸ਼ਾਸ਼ਨ ਦੁਕਾਨਦਾ੍ਰਾਂ ਅਤੇ ਰੇਹੜੀ ਵਾਲਿਆਂ ‘ਤੇ ਹੀ ਜ਼ੋਰ ਅਜ਼ਮਾਇਸ਼ ਕਰੇਗਾ ਜਾਂ ਸਾਡੀ ਸਲਾਹ ‘ਤੇ ਗੌਰ ਵੀ ਕਰੇਗਾ।
