ਲਖੀਮਪੁਰ ਖੀਰੀ: ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਰੇਲ ਪਟੜੀਆਂ ’ਤੇ ਧਰਨੇ

12 views
30 mins read
ਲਖੀਮਪੁਰ ਖੀਰੀ: ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਰੇਲ ਪਟੜੀਆਂ ’ਤੇ ਧਰਨੇ

ਟ੍ਰਿਬਿਉੂਨ ਨਿਉੂਜ਼ ਸਰਵਿਸ shy;
ਅੰਮ੍ਰਿਤਸਰ, 3 ਅਕਤੂਬਰ

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਵਿੱਚ 17 ਥਾਵਾਂ ‘ਤੇ ਰੇਲ ਆਵਾਜਾਈ ਰੋਕ ਕੇ ਲਖੀਮਪੁਰ ਖੀਰੀ ਕਤਲਕਾਂਡ ਦਾ ਇੱਕ ਸਾਲ ਪੂਰਾ ਹੋ ਜਾਣ ਬਾਅਦ ਵੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਾ ਮਿਲਣ ਤੇ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਹੈ। 4 ਘੰਟੇ ਰੇਲ ਆਵਾਜਾਈ ਠੱਪ ਹੋਣ ਕਾਰਨ ਮੁਸਾਫਰਾਂ ਨੂੰ ਪ੍ਰੇਸ਼ਾਨੀ ਪੇਸ਼ ਆਈ।

ਕਿਸਾਨ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਦੀ ਅਗਵਾਈ ‘ਚ ਵੱਲ੍ਹਾ ‘ਚ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਮੋਰਚੇ ਦੀ ਜਿੱਤ ‘ਚ 750 ਤੋਂ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਜਿਨ੍ਹਾਂ ‘ਚ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਕੁਰਬਾਨੀ ਵੀ ਸ਼ਾਮਲ ਹੈ। ਦੁੱਖ ਦੀ ਗੱਲ ਹੈ ਕਿ ਕਤਲਕਾਂਡ ਦੇ ਸਾਜ਼ਿਸ਼ ਕਰਤਾ ਅੱਜ ਵੀ ਪਾਰਲੀਮੈਂਟ ‘ਚ ਮੰਤਰੀ ਦੇ ਅਹੁਦੇ ‘ਤੇ ਬੈਠਾ ਹੈ| ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਜਾਵੇ ਤੇ ਅਜੈ ਮਿਸ਼ਰਾ ਟੇਣੀ ਨੂੰ ਮੰਤਰੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ|

ਜਲੰਧਰ ਦੇ ਲੋਹੀਆਂ ਖਾਸ ਰੇਲਵੇ ਸਟੇਸ਼ਨ ‘ਤੇ ਰੇਲਾਂ ਦਾ ਚੱਕਾ ਜਾਮ ਕਰਦੇ ਹੋਏ ਕਿਸਾਨ। -ਫੋਟੋ: ਪੰਜਾਬੀ ਟ੍ਰਿਬਿਊਨ

ਜਲੰਧਰ (ਨਿੱਜੀ ਪੱਤਰ ਪ੍ਰੇਰਕ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਲਖੀਮਪੁਰ ਖੀਰੀ ਦੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੂੰ ਇਨਸਾਫ਼ ਦੁਆਉਣ ਲਈ ਤੇ ਪੰਜਾਬ ਸਰਕਾਰ ਵੱਲੋਂ ਕਿਸਾਨੀ ਵਿਰੁੱਧ ਲਏ ਜਾ ਰਹੇ ਫੈਸਲਿਆਂ ਨੂੰ ਰੱਦ ਕਰਨ ਲਈ ਪੂਰੇ ਪੰਜਾਬ ‘ਚ ਰੇਲਾਂ ਦੇ ਚੱਕੇ ਕੀਤੇ ਗਏ ਜਾਮ ਕੀਤੇ ਗਏ। ਜਲੰਧਰ ਜ਼ਿਲ੍ਹੇ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਲੋਹੀਆਂ ਨੇੜੇ ਰੇਲ ਜਾਮ ਕਰਕੇ ਕਿਸਾਨੀ ਘੋਲ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ। ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਤੇ ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ ਵਿੱਚ ਰੇਲਾਂ ਜਾਮ ਕਰਨ ਲਈ ਧਰਨਾ ਲਾਇਆ। ਕਿਸਾਨਾਂ ਨੇ ਰੇਲ ਲਾਈਨਾਂ ‘ਤੇ ਬੈਠ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਿਹੜੀ ਵੀ ਮਰਜ਼ੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਲੋਕ ਭਲਾਈ ਦੀ ਥਾਂ `ਤੇ ਕਾਰਪੋਰੇਟਾਂ ਦੇ ਹੱਕਾਂ ਵਿੱਚ ਹੀ ਭੁਗਤਦੀ ਨਜ਼ਰ ਆਉਂਦੀ ਹੈ। ਜੱਥੇਬੰਦੀ ਦੇ ਆਗੂਆਂ ਨੇ ਕਿਸਾਨਾਂ ਦੀਆਂ ਮੰਗਾਂ ਬਾਰੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਬਿਜਲੀ ਐਕਟ 2022 ਦੇ ਖਰੜੇ ਵਿਰੁੱਧ ਕਿਸਾਨਾਂ ਤੇ ਮਜ਼ਦੂਰਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਸ਼ਾਂਤੀ ਪੂਰਨ ਧਰਨਾ ਦੇ ਕੇ ਘਰਾਂ ਨੂੰ ਪਰਤ ਰਹੇ ਕਿਸਾਨਾਂ `ਤੇ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਗੱਡੀ ਚਾੜ੍ਹ ਕੇ ਜਿਸ ਤਰ੍ਹਾਂ ਨਾਲ ਸ਼ਹੀਦ ਕੀਤਾ ਗਿਆ ਉਸ ਨੇ ਦੇਸ਼ ਨੂੰ ਸਮੁੱਚੀ ਦੁਨੀਆਂ ਵਿੱਚ ਸ਼ਰਮਸ਼ਾਰ ਕੀਤਾ ਹੈ। ਇਸ ਭਿਆਨਕ ਕਤਲੇਆਮ ਵਿੱਚ ਕਿਸਾਨਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।

ਤਰਨ ਤਾਰਨ (ਪੱਤਰ ਪ੍ਰੇਰਕ) ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਵੱਲੋਂ ਕਿਸਾਨਾਂ-ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹੇ ‘ਚ ਚਾਰ ਥਾਵਾਂ ‘ਤੇ ਧਰਨੇ ਦੇ ਕੇ 12 ਵਜੇ ਤੋਂ ਲੈ ਕੇ ਤਿੰਨ ਘੰਟਿਆਂ ਲਈ ਰੇਲਾਂ ਰੋਕੀਆਂ ਤੇ ਜਥੇਬੰਦੀ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਵੱਲ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਧਿਆਨ ਨਾ ਦੇਣ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਜਥੇਬੰਦੀ ਨੇ ਤਰਨ ਤਾਰਨ ਦੇ ਰੇਲਵੇ ਸਟੇਸ਼ਨ ਤੋਂ ਇਲਾਵਾ ਖਡੂਰ ਸਾਹਿਬ, ਪੱਟੀ ਤੇ ਖੇਮਕਰਨ ਦੇ ਰੇਲਵੇ ਸਟੇਸ਼ਨਾਂ ‘ਤੇ ਧਰਨੇ ਦਿੱਤੇ|

ਗੁਰਦਾਸਪੁਰ (ਪੱਤਰ ਪੇ੍ਰਕ) ਲਖੀਮਪੁਰ ਖੀਰੀ ਘਟਨਾ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਤੇ ਹੋਰ ਮੰਗਾਂ ਦੇ ਹੱਕ ‘ਚ ਕਿਸਾਨਾਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਗੁਰਦਾਸਪੁਰ ‘ਚ ਰੇਲਵੇ ਲਾਈਨ ‘ਤੇ ਤਿੰਨ ਘੰਟੇ ਧਰਨਾ ਲਾ ਕੇ ਰੇਲਵੇ ਟਰੈਕ ਜਾਮ ਕੀਤਾ ਗਿਆ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਤੇ ਮੁਲਜ਼ਮਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੇਲ ਰੋਕੋ ਧਰਨੇ ‘ਚ ਵੱਡੀ ਗਿਣਤੀ ਬੀਬੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।

ਕਿਸਾਨ ਜਥੇਬੰਦੀਆਂ ਵੱਲੋਂ ਭੰਡਾਰੀ ਪੁਲ ‘ਤੇ ਧਰਨਾ

ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ) ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ‘ਤੇ ਜ਼ਿਲ੍ਹੇ ਦੀਆਂ ਸਰਗਰਮ ਕਿਸਾਨ ਜਥੇਬੰਦੀਆਂ ਨੇ ਭੰਡਾਰੀ ਪੁਲ ‘ਤੇ ਤਿੰਨ ਘੰਟੇ ਲਈ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਤੇ ਪੁਤਲਾ ਸਾੜਿਆ। ਰੋਸ ਮੁਜ਼ਾਹਰੇ ਦੀ ਪ੍ਰਧਾਨਗੀ ਬਾਬਾ ਅਰਜਨ ਸਿੰਘ, ਪਲਵਿੰਦਰ ਸਿੰਘ ਜੇਠੂਨੰਗਲ, ਭੁਪਿੰਦਰ ਸਿੰਘ ਤੱਖਤੂਮੱਲ, ਬਲਵਿੰਦਰ ਸਿੰਘ ਦੁਧਾਲਾ, ਮਨਜੀਤ ਸਿੰਘ ਗਹਿਰੀ ਨੇ ਕੀਤੀ। ਇਸ ਮੌਕੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਸਮਸੇਰ ਸਿੰਘ ਹੇਰ, ਲਖਬੀਰ ਸਿੰਘ ਨਿਜਾਮਪੁਰਾ ਆਦਿ ਨੇ ਕਿਹਾ ਕਿ ਪਿਛਲੇ ਸਾਲ ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਵਾਹਨਾਂ ਹੇਠਾਂ ਦੇ ਕੇ ਮਾਰਨ ਵਾਲੇ ਮੁਲਜ਼ਮ ਦੇ ਪਿਤਾ ਅਜੈ ਮਿਸ਼ਰਾ ਟੇਣੀ ਨੂੰ ਰਾਜ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਗ੍ਰਿਫ਼ਤਾਰ ਕੀਤਾ ਜਾਵੇ। ਉਸ ਮੌਕੇ ਸ਼ਹੀਦ ਹੋਣ ਵਾਲੇ ਕਿਸਾਨਾਂ ਤੇ ਪੱਤਰਕਾਰ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਿੱਤੇ ਜਾਣ। ਗ੍ਰਿਫ਼ਤਾਰ ਕੀਤੇ ਗਏ ਬੇਕਸੂਰ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਰਿਹਾ ਕੀਤਾ ਜਾਵੇ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚਮੜੀ ਰੋਗ ਦੀ ਬੀਮਾਰੀ ਨਾਲ ਜਿਹੜੇ ਕਿਸਾਨਾਂ ਦਾ ਪਸ਼ੂ ਨੁਕਸਾਨ ਹੋਇਆ ਹੈ ,ਉਹਨਾਂ ਪਛੂ ਪਾਲਕਾਂ ਨੂੰ ਇੱਕ ਪਸ਼ੂ ਪਿਛੇ ਇੱਕ ਲੱਖ ਰੁਪਏ ਮੁਆ ਵਜਾ ਦਿੱਤਾ ਜਾਵੇ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਡੀਸੀ ਦਫਤਰ ਅੱਗੇ ਇਕੱਠ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਨੇ ਕਿਹਾ ਕਿ ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਾਲ ਹੋ ਗਿਆ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ।

ਯਾਤਰੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ

ਕਿਸਾਨਾਂ ਵੱਲੋਂ ਰੇਲ ਆਵਾਜਾਈ ਰੋਕੇ ਜਾਣ ਕਾਰਨ ਅੱਜ ਇਥੇ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ‘ਚ ਯਾਤਰੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ 11 ਵਜੇ ਤੋ ਦੁਪਹਿਰ 3 ਵਜੇ ਤਕ ਰੇਲ ਆ ਵਾਜਾਈ ਬੰਦ ਰਹਿਣ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਰੇਲ ਵਿਭਾਗ ਵੱਲੋਂ ਤਰਨ ਤਾਰਨ ਤੇ ਬਿਆਸ ਤੇ ਭਗਤਾਂ ਵਾਲਾ ਤੇ ਖੇਮਕਰਨ ਵਿਚਾਲੇ ਚੱਲਣ ਵਾਲੀਆਂ 3 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਤੇ ਕਈ ਰੇਲ ਗੱਡੀਆਂ ਅੰਮ੍ਰਿਤਸਰ ਤੋ ਪਹਿਲਾਂ ਹੀ ਹੋਰ ਸਟੇਸ਼ਨਾਂ ‘ਤੇ ਰੋਕ ਦਿੱਤੀਆਂ ਗਈਆਂ।

Source link

Leave a Reply

Your email address will not be published.

Previous News

ਭਾਜਪਾ ਵੱਲੋ ਆਪ ਸਰਕਾਰ ਖ਼ਿਲਾਫ਼ ਧਰਨੇ

Next News

Punjab News: फरार होने से पहले दीपक टीनू ने कहा था- तीसरी बार भागा तो हाथ नहीं आऊंगा, कई और बड़े खुलासे