ਕਦੋਂ ਚੜ੍ਹੇਂਗਾ ਸੁੱਖਾਂ ਦਿਆ ਸੂਰਜਾ ਕਦੋਂ ਮੁੱਕੇਗੀ ਗਮਾਂ ਵਾਲੀ ਰਾਤ

14 views
23 mins read

ਪੰਜਾਬ ‘ਚ ਨਵੀਂ ਸਰਕਾਰ ਵੱਲੋਂ ਵੱਖ ਵੱਖ ਮਹਿਕਮਿਆਂ ‘ਚ ਭਰਤੀਆਂ ਦੀ ਲਹਿਰ ਚਲਾਉਣ ਕਾਰਨ ਹੁਣ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਵੀ ਉਮੀਦ ਬਣੀ ਹੈ ਕਿ ਉਹ ਵੀ ਕਿਸੇ ਤਣ ਪੱਤਣ ਲੱਗ ਸਕਣਗੇ। ਇੰਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਦੇ ਰਾਜ ‘ਚ ਕੁੱਟ ਖਾਧੀ ਹੈ ਤਾਂ ਚੰਨੀ ਸਰਕਾਰ ਵੇਲੇ ਵੀ ਇਹੋ ਚੰਨ ਚੜ੍ਹਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਡਿਗਰੀਆਂ ਵਾਲੇ ਇੰਨ੍ਹਾਂ ਅਧਿਆਪਕਾਂ ‘ਚ ਸ਼ਾਮਲ ਬੇਰੁਜ਼ਗਾਰ ਲੜਕੀਆਂ ਦੀਆਂ ਤਾਂ ਉਦੋਂ ਚੁੰਨੀਆਂ ਰੋਲੀਆਂ ਗਈਆਂ ਜਦੋਂ ਉਹ ਆਪਣੇ ਹੱਕ ਪ੍ਰਾਪਤ ਕਰਨ ਲਈ ਅਵਾਜ਼ ਸੁਨਾਉਣ ਵਾਸਤੇ ਮੋਤੀ ਮਹਿਲ ਵੱਲ ਜਾਣਾ ਚਾਹੁੰਦੀਆਂ ਸਨ। ਦਰਜਨਾਂ ਕੁੜੀਆਂ ਨੂੰ ਇਹ ਮਲਾਲ ਤਾਉਮਰ ਰਹੇਗਾ ਕਿ ਜਿਸ ਸ਼ਹਿਰ ਵਿੱਚ ਲੋਕਤੰਤਰੀ ਢੰਗ ਨਾਲ ਚੁਣਕੇ ਮੁੱਖ ਮੰਤਰੀ ਬਣਾਇਆ ਗਿਆ ਸੀ ਉਸੇ ਨੇ ਹੀ ਜਮਹੂਰੀ ਕਦਰਾਂ ਕੀਮਤਾਂ ਛਿੱਕੇ ਟੰਗਦਿਆਂ ਨੂੰ ਉਨ੍ਹਾਂ ਨੂੰ ਰਾਜਾਸ਼ਾਹੀ ਦਾ ਜਲਵਾ ਦਿਖਾਇਆ ਸੀ। ‘ਬੀ.ਐੱਡ.ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ’ ਪੰਜਾਬ ਦੀ ਅਗਵਾਈ ਹੇਠ ਲੜਾਈ ਲੜਨ ਵਾਲੇ ਅਧਿਆਪਕ ਉਸ ਦਿਨ ਦੀ ਉਡੀਕ ‘ਚ ਹਨ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਾ ਪੈਂਨ ਉਨ੍ਹਾਂ ਦੇ ਹੱਕਾਂ ਖਾਤਰ ਚੱਲੇਗਾ। ਫਾਜ਼ਿਲਕਾ ਜਿਲ੍ਹੇ ਦੇ ਪਿੰਡ ਟਾਹਲੀ ਵਾਲਾ ਬੋਦਲਾ ਦੇ ਬੇਰਜ਼ਗਾਰ ਮੁਨੀਸ਼ ਕੁਮਾਰ ਨੂੰ ਬਚਪਨ ‘ਚ ਪਿਤਾ ਦੇ ਕੰਧਾੜੇ ਉੱਚੇ ਲਗਦੇ ਸਨ ਪਰ ਰੁਜ਼ਗਾਰਾਂ ਦੀਆਂ ਮਜ਼ਬੂਰੀਆਂ ਨੇ ਪਾਣੀ ਵਾਲੀ ਟੈਂਕੀ ਤੇ ਚੜ੍ਹਾ ਦਿੱਤਾ।

ਉਹ ਤਾਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਸ਼ਹਿਰ ਜਲੰਧਰ ‘ਚ ਵੀ ਫਰਿਆਦੀ ਹੋਇਆ ਸੀ ਤੇ ਹੋਰ ਵੀ ਥਾਵਾਂ ਤੇ ਹੱਥ ਜੋੜੇ ਸਨ। ਪਿਤਾ ਦੀ ਨਜ਼ਰ ਕੰਮਜੋਰ ਅਤੇ ਮਾਂ ਬਿਮਾਰ ਰਹਿੰਦੀ ਹੈ। ਘਰੇ ਹੋਰ ਕੋਈ ਕਮਾਉਣ ਵਾਲਾ ਨਹੀਂ ਫਿਰ ਵੀ ਉਹ ਡਟਿਆ ਰਿਹਾ ਪਰ ਹਾਕਮ ਪਿਘਲੇ ਨਹੀਂ। ਮੁਨੀਸ਼ ਆਖਦਾ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਘਰਾਂ ਵਿਚਲੇ ਚੁੱਲਿ੍ਹਆਂ ਦੀ ਅੱਗ ਹੁਣ ਨਵੀਂ ਸਰਕਾਰ ਦੇ ਹੱਥ ਹੈ ਇਸ ਲਈ ਮੁੱਖ ਮੰਤਰੀ ਆਪਣਾ ਵਾਅਦਾ ਤੋੜ ਚੜ੍ਹਾਉਣ। ਇਸੇ ਜਿਲ੍ਹੇ ਦੇ ਹੀ ਬੇਰੁਜ਼ਗਾਰ ਜਸਵੰਤ ਘੁਬਾਇਆ ਨੇ ਵੀ ਟੈਂਕੀ ਤੇ ਮੁਨੀਸ਼ ਨਾਲ ਹਰ ਗਰਮੀ-ਸਰਦੀ ਅਤੇ ਮੀਂਹ -ਹਨੇਰੀ ਝੱਲੀ ਹੈ। ਜਸਵੰਤ ਆਖਦਾ ਹੈ ਕਿ ਕਾਂਗਰਸ ਸਰਕਾਰ ਨੇ ਤਾਂ ਉਨ੍ਹਾਂ ਨੂੰ ਤਾਂ ਲੋਕਾਂ ਕੋਲੋਂ ਟਿੱਚਰਾਂ ਵੀ ਕਰਵਾ ਦਿੱਤੀਆਂ ਅਤੇ ਤਾਅਨੇ ਮਿਹਣੇ ਵੀ ਸੁਣਨੇ ਪਏ ਫਿਰ ਵੀ ਉਹ ਨਿੱਤ ਮਰਦੇ ਸੁਪਨਿਆਂ ਨਾਲ ਲੜਦੇ ਰਹੇ। ਬੇਰੁਜ਼ਗਾਰੀ ਕਾਰਨ ਹੱਕੀ ਸੰਘਰਸ਼ ਕਾਰਨ ਤਾਂ ਪੰਜਾਬ ਦੀਆਂ ਕਈਆਂ ਧੀਆਂ ਤਾਂ ਤਲਾਕ ਦੇ ਕੰਢਿਆਂ ਮੁੜੀਆਂ ਹਨ। ਇੱਕ ਲੜਕੀ ਨੇ ਦੱਸਿਆ ਕਿ ਉਸ ਨੂੰ ਸੱਸ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਸਰਕਾਰ ਤੁਹਾਡੀ ਸੁਣਦੀ ਨਹੀਂ ਤਾਂ ਘਰ ਆਉਣ ਦੀ ਲੋੜ ਨਹੀਂ। ਉਹ ਪੁੱਛਦੀ ਹੈ ਕਿ ਕੀ ਸਰਕਾਰ ਤੋਂ ਰੁਜ਼ਗਾਰ ਮੰਗਣਾ ਹੀ ਗੁਨਾਹ ਹੈ।

ਤਲਾਕ ਤਾਂ ਇੱਕ ਬੇਰਜ਼ਗਾਰ ਅਧਿਆਪਕ ਦਾ ਹੋਣ ਲੱਗਿਆ ਸੀ ਪਰ ਮੋਹਤਬਰ ਮੌਕਾ ਸੰਭਾਲ ਗਏ। ਉਸ ਨੇ ਦੱਸਿਆ ਕਿ ਸਹੁਰਿਆਂ ਨੇ ਬੜੀਆਂ ਆਸਾਂ ਨਾਲ ਆਪਣੀ ਧੀਅ ਦੀ ਡੋਲੀ ਤੋਰੀ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਜੁਆਈ ਨੌਕਰੀ ਲੱਗ ਜਾਏਗਾ ਪਰ ਹਕੂਮਤ ਵੈਰੀ ਬਣ ਗਈ। ਉਹ ਦੱਸਦਾ ਹੈ ਕਿ ਕਿਸ ਤਰਾਂ ਭਰੀ ਪੰਚਾਇਤ ‘ਚ ਸਹੁਰਿਆਂ ਅੱਗੇ ਹੱਥ ਬੰਨ੍ਹਕੇ ਆਪਣਾ ਘਰ ਬਚਾਇਆ ਹੈ। ਬੇਰੁਜ਼ਗਾਰ ਅਮਨਦੀਪ ਕੌਰ ਨੇ ਕੈਪਟਨ ਦੇ ਰਾਜ਼ ‘ਚ ਘਰ ਘਰ ਨੌਕਰੀ ਦਾ ਵਾਅਦਾ ਟੁੱਟਦਿਆ ਤੱਕਿਆ ਹੈ ਅਤੇ ਪੁਲਿਸ ਦੀ ਡਾਂਗ ਵੀ ਝੱਲੀ ਹੈ। ਬੇਰੁਜ਼ਗਾਰ ਕਰਮਜੀਤ ਕੌਰ ਨੇ ਸਿਰਫ ਐਨਾ ਹੀ ਆਖਿਆ ‘ਏਤੀ ਮਾਰ ਪਈ ਕੁਰਲਾਣੇ ਤੈਕੀ ਦਰਦ ਨਾਂ ਆਇਆ। ਆਪਣੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਇਸ ਬੱਚੀ ਨੇ ਫਰਿਆਦ ਕੀਤੀ ਕਿ ਭਗਵੰਤ ਹੁਣ ਉਸ ਵਰਗੀਆਂ ਹਜ਼ਾਰਾਂ ਕੁੜੀਆਂ ਅਤੇ ਰੁਜ਼ਗਾਰ ਲਈ ਧੱਕੇ ਖਾ ਰਹੇ ਮੁੰਡਿਆਂ ਦਾ ਮਾਨ ਰੱਖਣ। ਬੇਰੁਜ਼ਗਾਰ ਅਮਰੀਕ ਸਿੰਘ,ਰਣਜੀਤ ਸਿੰਘ,ਬੀਰਬਲ, ਅਤੇ ਬਲਕਰਨ ਆਦਿ ਨੂੰ ਤਾਂ ਘਰ ਚਲਾਉਣ ਲਈ ਦਿਹਾੜੀਆਂ ਵੀ ਕਰਨੀਆਂ ਪਈਆਂ ਤੇ ਸੰਘਰਸ਼ ‘ਚ ਵੀ ਸ਼ਾਮਲ ਹੋਣਾ ਪਿਆ। ਕੋਟਸ਼ਮੀਰ ਦੇ ਇੱਕ ਨੌਜਵਾਨ ਦੀ ਮਾਂ ਨੂੰ ਕੈਂਸਰ ਹੈ ਫਿਰ ਵੀ ਉਸ ਨੇ ਲੜਾਈ ਲੜੀ। ਕਈ ਪਤੀ ਪਤਨੀ ਜੋੜੇ ਵੀ ਬੱਚਿਆਂ ਨੂੰ ਘਰ ਛੱਡ ਕੇ ਰੁਜ਼ਗਾਰ ਲਈ ਜਾਂਦੇ ਰਹੇ ਪਰ ਪੱਲੇ ਸਿਰਫ ਪੁਲਿਸ ਦੀਆਂ ਡਾਂਗਾਂ ਪਈਆਂ ਹਨ। ਬੇਰਜ਼ਗਾਰ ਦੱਸਦੇ ਹਨ ਕਿ ਪਟਿਆਲਾ ‘ਚ ਤਾਂ ਪੁਰਸ਼ ਪੁਲਿਸ ਮੁਲਾਜਮਾਂ ਵੱਲੋਂ ਮੁਟਿਆਰਾਂ ਕੁੜੀਆਂ ਦੀਆਂ ਗੁੱਤਾਂ ਪੁੱਟੀਆਂ ਗਈਆਂ ਅਤੇ ਖਿੱਚ ਧੂਹ ‘ਚ ਲੜਕੀਆਂ ਦੇ ਕੱਪੜੇ ਤੱਕ ਪਾਟ ਗਏ। ਬੇਰੁਜ਼ਗਾਰ ਲੜਕੀ ਵੀਰਪਾਲ ਕੌਰ ਦੱਸਦੀ ਹੈ ਕਿ ਹੁਣ ਵੀ ਰਾਤ ਨੂੰ ਸੁੱਤਿਆਂ ਉਨ੍ਹਾਂ ਨੂੰ ਪੁਲਿਸ ਦੀਆਂ ਗੰਦੀਆਂ ਗਾਲ੍ਹਾਂ ਸੁਣਾਈ ਦਿੰਦੀਆਂ ਹਨ। ਨੌਜਵਾਨ ਜਗਸੀਰ ਸਿੰਘ ਆਖਦਾ ਹੈ ਕਿ ਹਜ਼ਾਰਾਂ ਮੁੰਡੇ ਕੁੜੀਆਂ ਨੇ ਰੀਝ ਅਧਿਆਪਕ ਬਣਨ ਦੀ ਪਾਲੀ। ਹੁਣ ਡਿਗਰੀਆਂ ਕੋਲ ਤੇ ਹੱਥ ਖਾਲੀ ਹਨ। ਉਸ ਨੇ ਦੱਸਿਆ ਕਿ ਏਨੀ ਡਾਂਗ ਵੀ ਪੁਲੀਸ ਦੀ ਖਾਧੀ ਬਣਿਆ ਫਿਰ ਵੀ ਕੁਝ ਨਹੀਂ। ਉਸ ਨੇ ਦੱਸਿਆ ਕਿ ਲੋਕ ਪੁੱਛਦੇ ਹਨ ਕਿ ਕਿਸ ਹੱਡ ਮਾਸ ਦੇ ਬਣੇ ਹੋ’। ਉਹ ਆਖਦਾ ਹੈ ਕਿ ਸਾਡੇ ਨਾਲੋਂ ਤਾਂ ਦਿਹਾੜੀਦਾਰ ਕਾਮੇ ਚੰਗੇ ਹਨ।

ਨਵੀਂ ਸਰਕਾਰ ਤੋਂ ਆਸ:ਗੁਰਪ੍ਰੀਤ ਸਿੰਘ
ਬੀ ਐਡ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਆਗੂ ਗੁਰਪ੍ਰੀਤ ਸਿੰਘ ਪੱਕਾ ਕਲਾਂ ਦਾ ਕਹਿਣਾ ਸੀ ਕਿ ਅਸਲ ‘ਚ ਪਿਛਲੀਆਂ ਸਰਕਾਰਾਂ ਦੇ ਦਿਲ ‘ਚ ਖੋਟ ਅਤੇ ਮਾੜੀਆਂ ਨੀਤੀਆਂ ਨੇ ਕਿਤੋਂ ਦਾ ਨਹੀਂ ਛੱਡਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਨਵੀਂ ਸਰਕਾਰ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦਿਆਂ ਨੂੰ ਤੋੜ ਚੜ੍ਹਾਏਗੀ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਆਪ ਦੇ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਹੋਵੇਗਾ ਬਿਲਕੁਲ ਵੱਖਰਾ

Next News

ਪਹਿਲੀ ਤੋਂ ਮੁੜ ਲੱਗੇਗਾ ਫੜ੍ਹੀਆਂ ‘ਤੇ ਚਾਰਜ, ਮਾਰਕੀਟ ਕਮੇਟੀ ਨੇ ਵਿੱਢੀ ਤਿਆਰੀ