ਸਿਆਸਤਦਾਨ ਨਹੀਂ, ਗੁਆਂਢੀ ਨਾਲ ਕਿੜ੍ਹ ਕੱਢਣ ਲਈ ਕੀਤੀ ਜਾ ਰਹੀ ਸ਼ਿਕਾਇਤ

29 views
17 mins read

‘ਮੁਹੱਲੇ ‘ਚ ਤਿੰਨ ਘਰ ਛੱਡ ਕੇ ਗੁਆਂਢੀ ਦੇ ਘਰ ਬਾਹਰ ਸਿਆਸੀ ਪਾਰਟੀ ਦਾ ਹੋਰਡਿੰਗ ਲਾਇਆ ਹੋਇਆ ਹੈ। ਇਹ ਪਤਾ ਨਹੀਂ ਉਸ ਨੇ ਇਸ ਦੀ ਮਨਜ਼ੂਰੀ ਲਈ ਹੈ ਜਾਂ ਫਿਰ ਨਹੀਂ। ਤੁਸੀਂ ਇਸ ਦੀ ਜਾਂਚ ਕਰ ਸਕਦੇ ਹੋ।’ ਇਹ ਸ਼ਿਕਾਇਤ ਕਿਸੇ ਸਿਆਸੀ ਪਾਰਟੀ ਜਾਂ ਫਿਰ ਸਿਆਸਤਦਾਨ ਬਾਰੇ ਨਹੀਂ ਹੈ, ਬਲਕਿ ਆਪਣੇ ਗੁਆਂਢੀ ਨਾਲ ਕਿੜ੍ਹ ਕੱਢਣ ਲਈ ਹੈ। ਇਸੇ ਤਰ੍ਹਾਂ ਵੱਖ-ਵੱਖ ਇਲਾਕਿਆਂ ‘ਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਸਬੰਧੀ ਵੀ ਸ਼ਿਕਾਇਤਾਂ ਕਰਨਾ ਆਮ ਹੋ ਚੁੱਕਾ ਹੈ। ਹਾਲਾਂਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਇਸ ‘ਤੇ ਕਾਰਵਾਈ ਕੀਤੀ ਜਾਣੀ ਹੈ। ਇਹ ਤੁਰੰਤ ਸਬੰਧਤ ਰਿਟਰਨਿੰਗ ਅਫਸਰ ਨੂੰ ਭੇਜ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਹਾਲਾਤ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਡੀਸੀ ਕੰਪਲੈਕਸ ‘ਚ ਬਣਾਏ ਗਏ ਕੰਟਰੋਲ ਰੂਮ ‘ਚ ਆ ਰਹੀਆਂ ਸ਼ਿਕਾਇਤਾਂ ਦੇ ਹਨ। ਇਹੀ ਨਹੀਂ ਕੰਟਰੋਲ ਰੂਮ ‘ਚ ਲੋਕ ਫੋਨ ਕਰ ਕੇ ਆਪਣੀ ਵੋਟ ਦੀ ਸਥਿਤੀ ਪੁੱਛਣ ਤੋਂ ਲੈ ਕੇ ਚੋਣਾਂ ਵਾਲੇ ਦਿਨ ਵੋਟਿੰਗ ਦਾ ਸਮਾਂ ਤੇ ਆਪਣੇ ਬੂਥ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਹਨ। ਬੇਸ਼ੱਕ ਚੋਣ ਕਮਿਸ਼ਨ ਨੇ ਸੀ-ਵਿਜ਼ਲ ਐਪ ਵੀ ਬਣਾਇਆ ਹੋਇਆ ਹੈ ਪਰ ਨੈੱਟਵਰਕ ਦੀ ਸਮੱਸਿਆ ਹੋਣ ਕਾਰਨ ਲੋਕ ਹੈਲਪਲਾਈਨ ਨੰਬਰ ਨੂੰ ਵਧੀਆ ਬਦਲ ਮੰਨਦੇ ਹਨ। ਇਹੀ ਕਾਰਨ ਹੈ ਕਿ ਕੰਟਰੋਲ ਰੂਮ ‘ਚ ਹਾਲੇ ਤਕ ਮਿਲੀਆਂ ਕੁੱਲ 527 ਸ਼ਿਕਾਇਤਾਂ ‘ਚੋਂ ਸੀ-ਵਿਜ਼ਲ ਐਪ ਰਾਹੀਂ ਸਿਰਫ 103 ਸ਼ਿਕਾਇਤਾਂ ਹੀ ਮਿਲੀਆਂ ਹਨ। ਵਰਨਣਯੋਗ ਹੈ ਕਿ 8 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ। ਇਸ ਲਈ ਸਿਆਸੀ ਸਰਗਰਮੀਆਂ ਠੱਪ ਹੋਣ ਦੇ ਨਾਲ ਹੀ ਨਿਯਮ ਨਿਰਧਾਰਿਤ ਕੀਤੇ ਗਏ ਸਨ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ‘ਚ ਤੀਸਰੀ ਮੰਜ਼ਿਲ ‘ਤੇ ਬਣੇ ਕਮਰਾ ਨੰਬਰ 304 ‘ਚ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਸੀ। ਉਥੇ ਹੀ ਵੱਖ-ਵੱਖ ਵਿਭਾਗਾਂ ਤੋਂ ਸਟਾਫ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਜੋ ਸ਼ਿਕਾਇਤ ਆਉਣ ‘ਤੇ ਤੁਰੰਤ ਸਬੰਧਤ ਆਰਓ ਨੂੰ ਭੇਜ ਦਿੰਦੇ ਹਨ, ਜਿਸ ‘ਤੇ ਤੁਰੰਤ ਕਾਰਵਾਈ ਕਰ ਕੇ ਜਵਾਬ ਦਿੱਤਾ ਜਾਂਦਾ ਹੈ। ਕੰਟਰੋਲ ‘ਚ ਇਸ ਵੇਲੇ ਆ ਰਹੀਆਂ ਸ਼ਿਕਾਇਤਾਂ ‘ਚੋਂ ਜ਼ਿਆਦਾਤਰ ਚੋਣ ਜ਼ਾਬਤੇ ਨਾਲ ਸਬੰਧਤ ਨਹੀਂ ਹਨ। ਇਹ ਵੱਖਰੀ ਗੱਲ ਹੈ ਕਿ ਹਰ ਸ਼ਿਕਾਇਤ ਦਰਜ ਕਰਨੀ ਪੈ ਰਹੀ ਹੈ।
ਮੋਬਾਈਲ ‘ਤੇ ਇੰਝ ਲੋਡ ਕਰੋ ਐਪ
ਸੀ-ਵਿਜ਼ਲ ਐਂਡ੍ਰਾਇਡ ਐਪਲੀਕੇਸ਼ਨ ਹੈ, ਜਿਸ ਨੂੰ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਨੂੰ ਆਪਣੇ ਮੋਬਾਈਲ ਦੇ ਪਲੇਅ ਸਟੋਰ ਤੋਂ ਆਸਾਨੀ ਨਾਲ ਅਪਲੋਡ ਕੀਤਾ ਜਾ ਸਕਦਾ ਹੈ। ਚੋਣ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਦੀ ਸੂਚਨਾ ਇਸ ਰਾਹੀਂ ਆਸਾਨੀ ਨਾਲ ਦਿੱਤੀ ਜਾ ਸਕਦੀ ਹੈ। ਇਸ ‘ਤੇ ਲਾਈਵ ਫੋਟੋ ਜਾਂ ਫਿਰ ਵੀਡੀਓ ਬਣਾ ਕੇ ਸੰਖੇਪ ‘ਚ ਵੇਰਵਾ ਲਿਖ ਕੇ ਅਪਲੋਡ ਕੀਤੀ ਜਾ ਸਕਦੀ ਹੈ। ਸਹੂਲਤ ਮੁਤਾਬਕ ਭਾਸ਼ਾ ਦੀ ਚੋਣ ਕਰਨ ਦਾ ਵੀ ਬਦਲ ਮੌਜੂਦ ਹੈ।
ਇੰਝ ਕਰੋ ਸ਼ਿਕਾਇਤ
ਸੀ-ਵਿਜ਼ਲ ਐਪ ‘ਤੇ ਸ਼ਿਕਾਇਤ ਕਰਨ ਲਈ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੀ ਸਰਗਰਮੀ ਦੀ ਸਾਫ ਤਸਵੀਰ ਜਾਂ ਫਿਰ ਦੋ ਮਿੰਟ ਦੀ ਵੀਡੀਓ ਬਣਾਉਣ ਤੋਂ ਬਾਅਦ ਇਸ ਦੀ ਸੰਖੇਪ ‘ਚ ਵੇਰਵਾ ਲਿਖਣਾ ਹੋਵੇਗਾ। ਸ਼ਿਕਾਇਤ ਦੇ ਨਾਲ ਖਿੱਚੀ ਗਈ ਤਸਵੀਰ ਜਾਂ ਵੀਡੀਓ ਦਾ ਸਥਾਨ, ਘਟਨਾ ਜਾਂ ਸਮੇਂ ਬਾਰੇ ਵਿਸਥਾਰ ‘ਚ ਦੱਸਣਾ ਪਵੇਗਾ। ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਇਸ ਤਰ੍ਹਾਂ ਸ਼ਿਕਾਇਤ ਸਬੰਧਤ ਰਿਟਰਨਿੰਗ ਅਫਸਰ ਨੂੰ ਟਰਾਂਸਫਰ ਕਰ ਦਿੱਤੀ ਜਾਂਦੀ ਹੈ, ਜਿਸ ‘ਤੇ ਫੀਲਡ ‘ਚ ਕੰਮ ਕਰ ਰਿਹਾ ਅਮਲਾ ਕਾਰਵਾਈ ਕਰਦਾ ਹੈ।
ਚੋਣ ਜ਼ਾਬਤੇ ਨਾਲ ਸਬੰਧਤ ਸ਼ਿਕਾਇਤ ਹੀ ਕਰੋ : ਡੀਸੀ
ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਟਾਫ ਤੇ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ। ਇਸ ਲਈ ਜਾਗਰੂਕ ਨਾਗਰਿਕ ਵਜੋਂ ਸ਼ਿਕਾਇਤ ਕਰਨ ਤੋਂ ਪਹਿਲਾਂ ਖੁਦ ਇਹ ਗੱਲ ਯਕੀਨੀ ਕਰ ਲਵੋ ਕਿ ਸ਼ਿਕਾਇਤ ਚੋਣ ਜ਼ਾਬਤੇ ਨਾਲ ਸਬੰਧਤ ਹੈ ਜਾਂ ਨਹੀਂ। ਹੈਲਪਲਾਈਨ ਨੰਬਰ 1950 ‘ਤੇ ਸਿਰਫ ਇਸ ਨਾਲ ਸਬੰਧਤ ਸ਼ਿਕਾਇਤ ਹੀ ਕਰੋ, ਜਿਸ ਨਾਲ ਅਸਲੀ ਮਕਸਦ ਦੀ ਪੂਰਤੀ ਕੀਤੀ ਜਾ ਸਕੇ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਨਕੋਦਰ ਦੇ ਨਿਊ ਆਦਰਸ਼ ਨਗਰ ਵਿੱਚ ਆਵਾਰਾ ਕੁੱਤਿਆਂ ਦਾ ਖ਼ੌਫ਼

Next Story

Human Review: शेफाली शाह ने मेडिकल थ्रिलर ड्रामा में दिखाई दमदार अदाकारी, रोंगटे खड़े कर देने वाली सीरीज

Latest from Blog