ਕੁੰਡੀਆਂ ਦੇ ਸਿੰਗ ਫਸਗੇ ਕੋਈ ਨਿੱਤਰੂ ਵੜੇਵੇਂ ਖਾਣੀ

ਹਲਕਾ ਬਠਿੰਡਾ ਵਿੱਚ ਚੋਣਾਂ 2022 ਦੀ ਪਿੱਚ 'ਤੇ ਜਬਰਦਸਤ ਦੰਗਲ ਦੀਆਂ ਹੋਣ ਲੱਗੀਆਂ ਤਿਆਰੀਆਂ

22 mins read

ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਸ਼ਹਿਰੀ ਹਲਕੇ ਤੋਂ ਜਗਰੂਪ ਸਿੰਘ ਗਿੱਲ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਜਬਰਦਸਤ ਸਿਆਸੀ ਭੇੜ ਲਈ ਰਾਹ ਪੱਧਰਾ ਹੋ ਗਿਆ ਹੈ। ਕਾਂਗਰਸ ਨੇ ਆਪਣਾ ਆਫੀਸ਼ੀਅਲ ਤੌਰ ਤੇ ਕੋਈ ਨਾਮ ਨਹੀ ਐਲਾਨਿਆ ਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਬਨਾਉਣ ਦੇ ਸੰਕੇਤ ਹਨ।

ਹਾਲਾਂਕਿ ਮਿਸ਼ਨ 2022 ਕਿਸ ਤਰਾਂ ਦੀ ਕਰਵਟ ਲੈਂਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਬਾਦਲ ਬਨਾਮ ਗਿੱਲ ਸਿਆਸੀ ਦੰਗਲ ਤੇ ਟਿਕੀਆਂ ਹੋਈਆਂ ਹਨ। ਅਕਾਲੀ ਦਲ ਨੇ ਸਰੂਪ ਚੰਦ ਸਿਗਲਾ ਦੇ ਨਾਮ ਤੇ ਮੋਹਰ ਲਾਈ ਹੋਈ ਹੈ ਜਦੋਂਕਿ ਭਾਜਪਾ ਸਮੇਤ ਹੋਰ ਵੀ ਸਿਆਸੀ ਧਿਰਾਂ ਚੋਣ ਮੈਦਾਨ ‘ਚ ਕੁੱਦਣ ਦੀ ਤਿਆਰੀ ‘ਚ ਹਨ।
ਦਰਅਸਲ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਅਤੇ ਨਗਰ ਨਿਗਮ ਦੇ ਸੀਨੀਅਰ ਕੌਂਸਲਰ ਜਗਰੂਪ ਸਿੰਘ ਗਿੱਲ ਕਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੁੱਛ ਦਾ ਵਾਲ ਹੋਇਆ ਕਰਦੇ ਸਨ। ਗਿੱਲ ਨੂੰ ਸਰਕਾਰੀ ਤੇ ਗੈਰ ਸਰਕਾਰੀ ਪ੍ਰੋਗਰਾਮਾਂ ‘ਚ ਵਿੱਤ ਮੰਤਰੀ ਦੇ ਖੱਬੇ ਸੱਜੇ ਦੇਖਿਆ ਜਾਂਦਾ ਸੀ। ਗਿੱਲ ਨੂੰ ਵਿੱਤ ਮੰਤਰੀ ਨੇ ਜਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ ਸੀ ਜਿੱਥੋਂ ਅਸਤੀਫਾ ਦੇਣ ਮਗਰੋਂ ਲੜੀਂ ਨਗਰ ਨਿਗਮ ਦੇ ਕੌਂਸਲਰ ਦੀ ਚੋਣ ਜਿੱਤ ਲਈ। ਗਿੱਲ ਨੂੰ ਸ਼ਹਿਰ ਦੇ ਮੇਅਰ ਵਜੋਂ ਦੇਖਿਆ ਜਾ ਰਿਹਾ ਸੀ ਪਰ ਉਨ੍ਹਾਂ ਦੀ ਸੀਨੀਆਰਤਾ ਨੂੰ ਨਜ਼ਰ ਅੰਦਾਜ ਕਰਦਿਆਂ ਪਹਿਲੀ ਵਾਰ ਚੋਣ ਲੜਨ ਵਾਲੀ ਸ਼ਰਾਬ ਕਾਰੋਬਾਰੀ ਸੰਦੀਪ ਗੋਇਲ ਦੀ ਪਤਨੀ ਰਮਨ ਗੋਇਲ ਨੂੰ ਮੇਅਰ ਬਣਾ ਦਿੱਤਾ ਗਿਆ।

ਪਾਰਟੀ ਦੀ ਸਥਾਨਕ ਲੀਡਰਸ਼ਿੱਪ ਵੱਲੋਂ ਕੀਤਾ ਗਿਆ ਵਿਤਕਰਾ ਜਗਰੂਪ ਗਿੱਲ ਨੂੰ ਹਜਮ ਨਾਂ ਹੋਇਆ ਤੇ ਉਹ ਨਰਾਜ਼ ਹੋ ਗਏ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਉਸ ਵਕਤ ਗਿੱਲ ਨੂੰ ਰਾਜੀ ਕਰਨ ਦੀ ਥਾਂ ਨਗਰ ਨਿਗਮ ‘ਚ ਦੀਆਂ ਬੈਠਕਾਂ ਅਤੇ ਬਾਹਰ ਜਿਸ ਤਰਾਂ ਆਪਣੇ ਹੀ ਸਾਥੀਆਂ ਨੇ ਜਲੀਲ ਕੀਤਾ ਤਾਂ ਅੱਕ ਕੇ ਉਨ੍ਹਾਂ ਆਪਣੀ ਸਿਆਸੀ ਰਾਹ ਵੱਖ ਕਰਦਿਆਂ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕਰ ਲਈ। ਉਨ੍ਹਾਂ ਦੱਸਿਆ ਕਿ ਕਾਂਗਰਸ ਲਈ ਇਹ ਸ਼ੁਭ ਸੰਕੇਤ ਨਹੀਂ ਕਿ ਸ਼ਹਿਰੀ ਹਲਕੇ ‘ਚ ਉਮੀਦਵਾਰ ਦੇ ਪੱਖ ਤੋਂ ਚਿੰਤਤ ਅਤੇ ਸਿਆਸੀ ਡਿੱਕਡੋਲੇ ਖਾ ਰਹੀ ਆਮ ਆਦਮੀ ਪਾਰਟੀ ਨੂੰ ਕਾਂਗਰਸੀ ਲੀਡਰਾਂ ਦੇ ਵਤੀਰੇ ਨੇ ਇੱਕ ਫਰਜ਼ਸ਼ਨਾਸ਼ ਟਕਸਾਲੀ ਆਗੂ ‘ਥਾਲੀ’ ‘ਚ ਪਰੋਸ ਕੇ ਸੌਂਪ ਦਿੱਤਾ ਹੈ।

ਆਮ ਆਦਮੀ ਪਾਰਟੀ ਜਗਰੂਪ ਗਿੱਲ
ਜਗਰੂਪ ਸਿੰਘ ਗਿੱਲ ਜਿਲ੍ਹਾ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਗਿੱਲ 1979 ਤੋਂ ਲਗਾਤਾਰ ਕੌਸਲਰ ਬਣਦੇ ਆ ਰਹੇ ਹਨ ਤੇ ਹੁਣ 7ਵੀਂ ਵਾਰ ਵੀ ਕੌਸਲਰ ਹਨ। ਗਿੱਲ ਸਾਲ 1992 ਤੋਂ 1997 ਤੱਕ ਨਗਰ ਪਾਲਿਕਾ ਬਠਿੰਡਾ ਦੇ ਪ੍ਰਧਾਨ ਵੀ ਰਹੇ ਹਨ। ਵਕੀਲ ਅਤੇ ਰਾਜਨੀਤੀਵਾਨ ਹੋਣ ਕਾਰਨ ਉਨ੍ਹਾਂ ਦਾ ਸ਼ਹਿਰ ਦੇ ਵਪਾਰਿਕ ਹਲਕਿਆਂ ‘ਚ ਕਾਫੀ ਅਧਾਰ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੂਸਰੇ ਸਥਾਨ ਤੇ ਰਹੀ ਸੀ ਜੋ ਗਿੱਲ ਦੀ ਤਾਕਤ ਹੈ ਜਦੋਂਕਿ ਵੱਡੇ ਸਿਆਸੀ ਲੀਡਰਾਂ ਨਾਲ ਸਾਹਮਣਾ ਹੋਣ ਵਰਗੀਆਂ ਚੁਣੌਤੀਆਂ ਵੀ ਹਨ।
ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ
ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਇਸ ਹਲਕੇ ਤੋਂ ਚੌਥੀ ਵਾਰ ਚੋਣ ਲੜ ਰਹੇ ਹਨ । ਉਹ ਸ਼ਹਿਰ ਵਾਸੀਆਂ ਦੇ ਦੁੱਖ ਸੁੱਖ ‘ਚ ਪਿਛਲੇ ਪੰਦਰਾਂ ਸਾਲਾਂ ਤੋਂ ਲਗਾਤਾਰ ਸ਼ਾਮਲ ਹੁੰਦੇ ਆ ਰਹੇ ਹਨ। ਸਿੰਗਲਾ ਨੇ ਪਹਿਲੀ ਵਾਰ ਸਾਲ 2007 ‘ਚ ਚੋਣ ਲੜੀ ਪਰ ਉਹ ਹਾਰ ਗਏ ਸਨ। ਸਾਲ 2012 ਦੀਆਂ ਚੋਣਾਂ ‘ਚ ਜਿੱਤ ਹਾਸਲ ਹੋਈ ਪਰ 2017 ‘ਚ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਉਹ ਚੌਥੀ ਵਾਰ ਆਪਣੀ ਹਾਰ ਦਾ ਬਦਲਾ ਲੈਣ ਅਤੇ ਜਿੱਤਣ ਲਈ ਚੋਣ ਮੈਦਾਨ ‘ਚ ਉੱਤਰਨ ਦੀਆਂ ਤਿਆਰੀਆਂ ‘ਚ ਜੁਟੇ ਹੋਏ ਹਨ।
ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਾਲ 2017 ‘ਚ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਬਠਿੰਡਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਤੇ ਉਹ ਆਮ ਆਦਮੀ ਪਾਰਟੀ ਨੂੰ ਹਰਾਕੇ ਚੋਣ ਜਿੱਤ ਗਏ ਸਨ। ਇਸ ਤੋਂ ਪਹਿਲਾਂ ਸਾਲ 2014 ‘ਚ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਹੁੰਦਿਆਂ ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜੀ ਸੀ। ਇਸ ਮੌਕੇ ਵਿਧਾਨ ਸਭਾ ਹਲਕਾ (ਸ਼ਹਿਰੀ) ਤੋਂ ਮਨਪ੍ਰੀਤ ਬਾਦਲ ਦੀਆਂ ਕਰੀਬ 30 ਹਜਾਰ ਵੋਟਾਂ ਘਟ ਗਈਆਂ ਸਨ। ਅਕਾਲੀ ਦਲ ‘ਚ ਹੁੰਦਿਆਂ ਉਨ੍ਹਾਂ ਹਰ ਚੋਣ ਗਿੱਦੜਬਾਹਾ ਹਲਕੇ ਤੋਂ ਲੜੀ ਅਤੇ ਜਿੱਤਦੇ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਨੂੰ ਸਿਆਸੀ ਗੁੜ੍ਹਤੀ ਤਾਏ ਤੋਂ ਮਿਲੀ ਹੋਣ ਕਾਰਨ ਉਹ ਲੱਛੇਦਾਰ ਭਾਸ਼ਣਾ ਦੇ ਮਾਹਿਰ ਹਨ।
ਭਾਜਪਾ ਉਮੀਦਵਾਰ ਦੀ ਉਡੀਕ
ਸ਼ਹਿਰੀ ਹਲਕੇ ਤੋਂ ਭਾਰਤੀ ਜੰਤਾ ਪਾਰਟੀ ਦੇ ਉਮੀਦਵਾਰ ਦੀ ਉਡੀਕ ਬਣੀ ਹੋਈ ਹੈ। ਉਂਜ ਉਮੀਦਵਾਰੀ ਲਈ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ ਵੱਲੋਂ ਜੋਰ ਅਜਮਾਈ ਕੀਤੀ ਜਾ ਰਹੀ ਹੈ। ਭਾਰਤੀ ਆਰਐਸਐਸ ਦੀ ਪਹਿਲੀ ਪਸੰਦ ਦੱਸੇ ਜਾ ਰਹੇ ਹਨ। ਭਾਰਤੀ ਨੇ ਸ਼ਹਿਰ ‘ਚ ਚੋਣ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਇਸੇ ਤਰਾਂ ਹੀ ਇੱਕ ਪ੍ਰਾਈਵੇਟ ਸਕੂਲ ਦੀ ਮਾਲਕ ਵੀਨੂੰ ਗੋਇਲ ਵੀ ਉਮੀਦਵਾਰ ਦੀ ਦੌੜ ‘ਚ ਹਨ। ਉਨ੍ਹਾਂ ਨੂੰ ਆਰਐਸਐਸ ਦੇ ਇੱਕ ਵਿੰਗ ਦੀ ਹਮਾਇਤ ਦੱਸੀ ਜਾ ਰਹੀ ਹੈ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

1 Comment

Leave a Reply

Your email address will not be published.

Previous Story

ਮੁੱਖ ਮੰਤਰੀ ਚੰਨੀ ਨੇ ਲਿਆ ਨਕੋਦਰ ਬਾਪੂ ਲਾਲ ਬਾਦਸ਼ਾਹ ਤੇ ਬਾਬਾ ਮੁਰਾਦ ਸ਼ਾਹ ਦੇ ਡੇਰੇ ਤੋਂ ਆਸ਼ੀਰਵਾਦ

Next Story

पंजाब सरकार की बड़ी घोषणा, विद्यार्थियों के लिए बस सेवा मुफ्त, सीएम चन्नी खुद रोडवेज चलाकर पहुंचे

Latest from Blog