ਉਪ ਰਾਸ਼ਟਰਪਤੀ : ਮੈਨੂਫੈਕਚਰਿੰਗ, ਖੇਤੀਬਾੜੀ ਅਤੇ ਹੋਰ ਖੇਤਰਾਂ ਵਿੱਚ ਗਲੋਬਲ ਹੱਬ ਸਿਰਜਣ ਦਾ ਸੱਦਾ

ਦੱਖਣੀ ਭਾਰਤ ਦਾ 1.5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ: ਉਪ ਰਾਸ਼ਟਰਪਤੀ

29 views
23 mins read

ਉਪ ਰਾਸ਼ਟਰਪਤੀ ਨੇ ਦੱਖਣੀ ਰਾਜਾਂ ਨੂੰ ‘ਕਾਰੋਬਾਰ ਕਰਨ ਵਿੱਚ ਅਸਾਨੀ’ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਬਿਹਤਰੀਨ ਪਿਰਤਾਂ ਅਪਣਾਉਣ ਦੀ ਸਲਾਹ ਦਿੱਤੀ। ਉਪ ਰਾਸ਼ਟਰਪਤੀ ਨੇ ਸੀਆਈਆਈ ਸਮਾਰੋਹ ਨੂੰ ਵਰਚੁਅਲੀ ਸੰਬੋਧਿਤ ਕੀਤਾ। ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਉਦਯੋਗ ਜਗਤ ਨੂੰ ਵਿਭਿੰਨ ਸੁਧਾਰਾਂ ਨੂੰ ਲਾਗੂ ਕਰਨ ਲਈ ਸਰਕਾਰ ਨਾਲ ਕੰਮ ਕਰਨ ਅਤੇ ਆਉਣ ਵਾਲੇ ਦਹਾਕੇ ਵਿੱਚ ਨਿਰੰਤਰ ਆਰਥਿਕ ਵਿਕਾਸ ਲਈ ਰਾਹ ਪੱਧਰਾ ਕਰਨ ਦਾ ਸੱਦਾ ਦਿੱਤਾ। ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ ਦੁਆਰਾ ‘ਰਹੱਸਮਈ ਦੱਖਣ, ਗਲੋਬਲ ਲਿੰਕੇਜਸ ਸਮਿਟ – 2025 ਤੱਕ 1.5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ’ ਦੇ ਵਿਸ਼ੇ ‘ਤੇ ਆਯੋਜਿਤ ਵਰਚੁਅਲ ਸਮਾਰੋਹ ਵਿੱਚ ਬੋਲਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਹੁਣ ਆਪਣੀ ਵਿਕਾਸ ਦਰ ਨੂੰ ਮੁੜ ਪ੍ਰਾਪਤ ਕਰਨ ਦੇ ਨਿਰਣਾਇਕ ਮੋੜ ‘ਤੇ ਹੈ। ਉਨ੍ਹਾਂ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਸਾਰੇ ਹਿਤਧਾਰਕ ਹੱਥ ਮਿਲਾਉਣ ਅਤੇ ਨਿਰੰਤਰ ਆਰਥਿਕ ਗਤੀ ਨੂੰ ਯਕੀਨੀ ਬਣਾਉਣ।” ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿ ਕੇਂਦਰ ਸਰਕਾਰ ਨੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਕਈ ਕਦਮ ਉਠਾਏ ਹਨ, ਉਨ੍ਹਾਂ ਕਿਹਾ ਕਿ ਉਦਯੋਗ ਨੂੰ ਇਸ ਮੌਕੇ ‘ਤੇ ਅੱਗੇ ਆਉਣਾ ਚਾਹੀਦਾ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਪਰ ਵੱਲ ਵਿਕਾਸ ਦੀ ਗਤੀ ਜਾਰੀ ਰਹੇ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਜਿਹੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਜਾਣ ਜੋ ਅਰਥਵਿਵਸਥਾ ਨੂੰ ਉੱਚ ਵਿਕਾਸ ਦਰ ‘ਤੇ ਲੈ ਜਾਣ ਅਤੇ 2030 ਤੱਕ ਲੱਖਾਂ ਕਾਮਿਆਂ ਲਈ ਲਾਭਦਾਇਕ ਨੌਕਰੀਆਂ ਪੈਦਾ ਕਰਨ। ਇਹ ਦੱਸਦੇ ਹੋਏ ਕਿ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ, ਨੌਕਰੀਆਂ ਪੈਦਾ ਕਰਨ ਅਤੇ ਸੰਤੁਲਿਤ ਵਿਕਾਸ ਨੂੰ ਹੁਲਾਰਾ ਦੇਣ ਲਈ ਨਿਰੰਤਰ ਉਤਪਾਦਕਤਾ ਵਾਧੇ ਦੇ ਨਾਲ 8 ਤੋਂ 8.5 ਪ੍ਰਤੀਸ਼ਤ ਦੀ ਸਲਾਨਾ ਸਕਲ ਘਰੇਲੂ ਉਤਪਾਦ (ਜੀਡੀਪੀ) ਵਾਧਾ ਦਰ ਦੀ ਜ਼ਰੂਰਤ ਹੋਏਗੀ, ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਪਿਛਲੇ ਇੱਕ ਦਹਾਕੇ ਵਿੱਚ 18 ਸਭ ਤੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਉੱਭਰ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਰਿਹਾ ਹੈ।
ਲੋੜੀਂਦੇ ਰੋਜ਼ਗਾਰ ਅਤੇ ਉਤਪਾਦਕਤਾ ਦੇ ਵਾਧੇ ਨੂੰ ਪ੍ਰਾਪਤ ਕਰਨ ਲਈ ਭਾਰਤ ਨੂੰ ਅੱਗੇ ਵਧਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ, ਉਨ੍ਹਾਂ ਕਿਹਾ ਕਿ ਡਿਜੀਟਾਈਜ਼ੇਸ਼ਨ ਅਤੇ ਆਟੋਮੇਸ਼ਨ, ਸ਼ਹਿਰੀਕਰਨ, ਵਧਦੀ ਆਮਦਨੀ, ਸਥਿਰਤਾ, ਸਿਹਤ ਅਤੇ ਸੁਰੱਖਿਆ ਜਿਹੇ ਆਲਮੀ ਰੁਝਾਨ ਮਹਾਮਾਰੀ ਦੇ ਮੱਦੇਨਜ਼ਰ ਇੱਕ ਨਵੀਂ ਮਹੱਤਤਾ ਗ੍ਰਹਿਣ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ “ਭਾਰਤ ਲਈ, ਇਹ ਰੁਝਾਨ ਵਿਕਾਸ ਲਈ ਉਤਪ੍ਰੇਰਕ ਹੋ ਸਕਦੇ ਹਨ ਅਤੇ ਮਹਾਮਾਰੀ ਤੋਂ ਬਾਅਦ ਦੀ ਅਰਥਵਿਵਸਥਾ ਦੀ ਵਿਸ਼ੇਸ਼ਤਾ ਬਣ ਸਕਦੇ ਹਨ।” ਉਪ ਰਾਸ਼ਟਰਪਤੀ ਨੇ ਮੈਨੂਫੈਕਚਰਿੰਗ, ਖੇਤੀਬਾੜੀ ਨਿਰਯਾਤ, ਡਿਜੀਟਲ ਸੇਵਾਵਾਂ, ਅਗਲੀ ਪੀੜ੍ਹੀ ਦੇ ਵਿੱਤੀ ਉਤਪਾਦਾਂ, ਉੱਚ-ਦਕਸ਼ਤਾ ਲੌਜਿਸਟਿਕਸ, ਬਿਜਲੀ, ਸ਼ੇਅਰਿੰਗ ਅਰਥਵਿਵਸਥਾ ਅਤੇ ਆਧੁਨਿਕ ਪ੍ਰਚੂਨ ਖੇਤਰ ਵਿੱਚ ਗਲੋਬਲ ਕੇਂਦਰ ਬਣਾਉਣ ਲਈ ਵੀ ਕਿਹਾ।
ਭਾਰਤੀ ਅਰਥਵਿਵਸਥਾ ਵਿੱਚ ਸੇਵਾ ਖੇਤਰ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵਰਤਮਾਨ ਵਿੱਚ ਅਰਥਵਿਵਸਥਾ ਦਾ 54 ਪ੍ਰਤੀਸ਼ਤ ਤੋਂ ਵੱਧ ਹਿੱਸਾ ਹੈ। ਚਲ ਰਹੀ ਟੀਕਾਕਰਣ ਮੁਹਿੰਮ ਦੇ ਨਾਲ, ਸੇਵਾ ਖੇਤਰ ਵਿੱਚ ਇੱਕ ਪੁਨਰ ਸੁਰਜੀਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਦੱਖਣੀ ਭਾਰਤ ‘ਤੇ ਸ਼ਿਖਰ ਸੰਮੇਲਨ ਦੇ ਫੋਕਸ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਦੱਖਣੀ ਖੇਤਰ ਦੀ 2025 ਤੱਕ 1.5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਇੱਛਾ ਨਿਸ਼ਚਿਤ ਰੂਪ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਖਣੀ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਨਿਵੇਸ਼ ਆਕਰਸ਼ਿਤ ਕਰਨ ਲਈ ਸੁਧਾਰਾਂ, ‘ਈਜ਼ ਆਵ੍ ਡੂਇੰਗ ਬਿਜ਼ਨਸ’ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ।
ਇਸ ਖੇਤਰ ਵਿੱਚ ਅਵਸਰਾਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਮੈਨੂਫੈਕਚਰਿੰਗ ਨੂੰ ਸੇਵਾਵਾਂ, ਸੱਭਿਆਚਾਰ ਨੂੰ ਆਧੁਨਿਕ ਕਦਰਾਂ-ਕੀਮਤਾਂ ਅਤੇ ਸਿੱਖਿਆ ਨੂੰ ਕੌਸ਼ਲ ਦੇ ਨਾਲ ਜੋੜਦਾ ਹੈ।
ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿ ਬਹੁਤੇ ਦੱਖਣੀ ਰਾਜ ‘ਈਜ਼ ਆਵ੍ ਡੂਇੰਗ ਬਿਜ਼ਨਸ’ ਦੀ ਰੈਂਕਿੰਗ ਵਿੱਚ ਸਿਖਰ ‘ਤੇ ਹਨ, ਉਨ੍ਹਾਂ ਉੱਦਮੀ, ਦਕਸ਼ ਕਾਰਜਬਲ, ਨਾਮਵਰ ਵਿੱਦਿਅਕ ਸੰਸਥਾਵਾਂ ਦੀ ਮੌਜੂਦਗੀ, ਪ੍ਰਮੁੱਖ ਆਈਟੀ ਕੰਪਨੀਆਂ, ਆਧੁਨਿਕ ਮੈਡੀਕਲ ਬੁਨਿਆਦੀ ਢਾਂਚਾ ਅਤੇ ਮਹੱਤਵਪੂਰਨ ਸ਼ਹਿਰਾਂ ਦੇ ਦਰਮਿਆਨ ਸ਼ਾਨਦਾਰ ਕਨੈਕਟੀਵਿਟੀ ਨੂੰ ਇਸ ਖੇਤਰ ਦੇ ਕੁਝ ਮੁੱਖ ਫਾਇਦਿਆਂ ਦਾ ਹਵਾਲਾ ਦਿੱਤਾ।
ਉਦਯੋਗੀਕਰਨ ਅਤੇ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਸੁਅਸਥ ਮੁਕਾਬਲੇ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਖੇਤੀਬਾੜੀ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਕਾਸ ਦਰ ਨੂੰ ਬਰਕਰਾਰ ਰੱਖਣ ਲਈ ਖੇਤੀਬਾੜੀ ਪ੍ਰਤੀ ‘ਸਕਾਰਾਤਮਕ ਪੱਖਪਾਤ’ ਵਾਲਾ ਰਵੱਈਆ ਅਪਣਾਉਣ ਦੀ ਲੋੜ ਹੈ। ਇਸ ਈਵੈਂਟ ਵਿੱਚ ਸ਼੍ਰੀ ਚੰਦਰਜੀਤ ਬੈਨਰਜੀ, ਡਾਇਰੈਕਟਰ ਜਨਰਲ ਆਵ੍ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ, ਸ਼੍ਰੀ ਟੀ ਵੀ ਨਰੇਂਦਰਨ, ਸੀਆਈਆਈ ਦੇ ਪ੍ਰਧਾਨ, ਸ਼੍ਰੀ ਸੀ ਕੇ ਰੰਗਨਾਥਨ, ਸੀਆਈਆਈ ਦੱਖਣੀ ਖੇਤਰ ਦੇ ਚੇਅਰਮੈਨ, ਸ਼੍ਰੀ ਟੀ ਟੀ ਅਸ਼ੋਕ, ਮਿਸਟਿਕ ਸਾਊਥ ਦੇ ਚੇਅਰਮੈਨ ਅਤੇ ਹੋਰ ਪਤਵੰਤਿਆਂ ਨੇ ਹਿੱਸਾ ਲਿਆ

  Leave a Reply

  Your email address will not be published.

  Previous Story

  ਆਪਣੇ ਪਿਤਾ ਦੀ ਬਰਸੀ ਨੂੰ ਸਮਰਪਿਤ, ਪੁੱਤਰ ਨੇ ਕੀਤਾ ਲੋੜਵੰਦਾਂ ਨੂੰ ਸਮਾਨ ਦਾਨ

  Next Story

  ਕੋਇਲਾ ਮੰਤਰਾਲਾ ਨੇ ਕੋਇਲਾ ਖਾਣਾਂ ਲਈ ਬੋਲੀਕਾਰਾਂ ਨਾਲ ਸਮਝੌਤੇ ਤੇ ਕੀਤੇ ਦਸਤਖ਼ਤ

  Latest from Blog