ਮਾਂ ਦੀ ਬੇਵਫ਼ਾਈ ਦੀ ਸਜ਼ਾ ਭੁਗਤੀ ਅੌਲਾਦ ਨੇ, ਪਿਓ ਧੀ ਦੀ ਮੌਤ

40 views
9 mins read

ਬੀਤੇ ਦਿਨੀਂ ਪਤਨੀ ਵੱਲੋਂ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਤੋਂ ਦੁਖੀ ਇੱਕ ਵਿਅਕਤੀ ਨੇ ਆਪਣੇ ਬੱਚਿਆਂ ਸਮੇਤ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਇਸ ਘਟਨਾ ਵਿੱਚ ਜਸਪ੍ਰੀਤ ਸਿੰਘ (35) ਤੇ ਉਸ ਦੀ ਧੀ ਮਨਰੂਪ ਕੌਰ (6) ਦੀ ਮੌਤ ਹੋ ਗਈ, ਜਦਕਿ ਉਸ ਦਾ ਪੰਜ ਸਾਲਾ ਪੁੱਤਰ ਸਹਿਜਪ੍ਰੀਤ ਸਿੰਘ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਨੂਰਮਹਿਲ ਇਲਾਕੇ ਦੇ ਪਿੰਡ ਪੰਡੋਰੀ ਜਗੀਰ ਦੇ ਵਸਨੀਕ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਜਸਪ੍ਰੀਤ ਸਿੰਘ ਦਾ ਅੱਠ ਸਾਲ ਪਹਿਲਾਂ ਅਮਨਦੀਪ ਕੌਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਮਨਰੂਪ ਕੌਰ ਤੇ ਸਹਿਜਪ੍ਰੀਤ ਸਿੰਘ ਦੋ ਬੱਚੇ ਸਨ। ਅਮਨਦੀਪ ਕੌਰ ਨੂੰ ਇੰਸਟਾਗ੍ਰਾਮ ’ਤੇ ਆਪਣੀਆਂ ਨੱਚਦੀ ਦੀਆਂ ਵੀਡੀਓਜ਼ ਬਣਾ ਕੇ ਪਾਉਣ ਦਾ ਬਹੁਤ ਸ਼ੌਕ ਸੀ। ਸੋਸ਼ਲ ਮੀਡੀਆ ’ਤੇ ਪਾਈਆਂ ਜਾਂਦੀਆਂ ਉਸ ਦੀਆਂ ਵੀਡੀਓਜ਼ ਕਾਰਨ ਉਸ ਨੂੰ ਕਈ ਨੌਜਵਾਨ ਪਸੰਦ ਕਰਨ ਲੱਗ ਪਏ ਸਨ। ਉਸ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਅਮਨਦੀਪ ਕੌਰ ਉਸ ਦੇ ਭਰਾ ਤੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ। ਇਸੇ ਦੌਰਾਨ ਅਮਨਦੀਪ ਕੌਰ ਦੀ ਦੋਸਤੀ ਆਪਣੇ ਇੱਕ ਪ੍ਰਸ਼ੰਸਕ ਨਾਲ ਹੋ ਗਈ ਤੇ ਉਸ ਨੇ ਤਲਾਕ ਦਿੱਤੇ ਬਿਨਾਂ ਹੀ ਉਸ ਨਾਲ ਵਿਆਹ ਕਰਵਾ ਲਿਆ। ਉਹ ਜਸਪ੍ਰੀਤ ਸਿੰਘ ’ਤੇ ਤਲਾਕ ਦੇਣ ਲਈ ਦਬਾਅ ਪਾਉਂਦੀ ਸੀ ਪਰ ਜਸਪ੍ਰੀਤ ਸਿੰਘ ਨੇ ਬੱਚਿਆਂ ਦੀ ਖਾਤਰ ਤਲਾਕ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਉਹ ਅਮਨਦੀਪ ਕੌਰ ਨੂੰ ਸਮਝਾ ਕੇ ਵਾਪਸ ਲਿਆਉਣਾ ਚਾਹੁੰਦਾ ਸੀ ਪਰ ਅਮਨਦੀਪ ਨੇ ਉਸ ਨੂੰ ਕਥਿਤ ਤੌਰ ’ਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਪਤਨੀ ਦੀ ਬੇਵਫ਼ਾਈ ਤੇ ਧਮਕੀਆਂ ਤੋਂ ਤੰਗ ਆ ਕੇ ਜਸਪ੍ਰੀਤ ਸਿੰਘ ਆਪਣੇ ਦੋਵਾਂ ਬੱਚਿਆਂ ਨੂੰ ਅੱਜ ਖੂਹ ’ਤੇ ਲੈ ਗਿਆ ਤੇ ਉਸ ਨੇ ਪਹਿਲਾਂ ਬੱਚਿਆਂ ਨੂੰ ਸਲਫਾਸ ਖੁਆਈ ਤੇ ਫਿਰ ਆਪ ਖਾ ਲਈ। ਜਦੋਂ ਇਸ ਘਟਨਾ ਦਾ ਪਤਾ ਪਰਿਵਾਰ ਨੂੰ ਲੱਗਾ ਤਾਂ ਉਨ੍ਹਾਂ ਨੂੰ ਨਕੋਦਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜਸਪ੍ਰੀਤ ਸਿੰਘ ਤੇ ਉਸ ਦੀ ਧੀ ਮਨਰੂਪ ਕੌਰ ਦੀ ਮੌਤ ਹੋ ਗਈ। ਨੂਰਮਹਿਲ ਦੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੇ ਪਿਤਾ ਹਰੀ ਸਿੰਘ ਦੇ ਬਿਆਨਾਂ ’ਤੇ ਅਮਨਦੀਪ ਕੌਰ, ਉਸ ਦੇ ਦੂਜੇ ਪਤੀ ਉਦੈ ਸ਼ਰਮਾ ਅਤੇ ਸੱਸ ਰਾਜਵੰਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published.

Previous News

ਮੌਨਸੂਨ ਦੇ ਪਹਿਲੇ ਮੀਂਹ ਨੇ ਲੂ ਤੇ ਗਰਮੀ ਤੋਂ ਦਿਵਾਈ ਰਾਹਤ

Next News

ਪ੍ਰਧਾਨ ਮੰਤਰੀ ਕਿਸਾਨਾਂ ਨਾਲ ਤੁਰੰਤ ਗੱਲਬਾਤ ਦਾ ਰਾਹ ਖੋਲ੍ਹਣ : ਕੈਪਟਨ