ਹੈਰੋਇਨ ਤੇ ਪਾਬੰਦੀਸ਼ੁਦਾ ਗੋਲੀਆਂ ਸਣੇ ਕਾਬੂ

71 views

ਚੌਕੀ ਦਕੋਹਾ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਹੈਰੋਇਨ ਤੇ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਚੌਕੀ ਇੰਚਾਰਜ ਏਐੱਸਆਈ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਜੋਗਿੰਦਰਪਾਲ ਪੁਲਿਸ ਸਮੇਤ ਰਾਮਾ ਮੰਡੀ ਚੌਕ ਇਲਾਕੇ ‘ਚ ਗਸ਼ਤ ਕਰ ਰਹੇ ਸਨ ਕਿ ਇਕ ਗਲੀ ‘ਚ ਜਦ ਉਹ ਪੁੱਜੇ ਤਾਂ ਇਕ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਜੇਬ ‘ਚ ਦੋ ਮੋਮੀ ਲਿਫ਼ਾਫ਼ੇ ਕੱਢ ਕੇ ਸੜਕ ਦੇ ਇਕ ਪਾਸੇ ਸੁੱਟ ਦਿੱਤੇ। ਪੁਲਿਸ ਨੇ ਉਕਤ ਲਿਫਾਫੇ ਚੁੱਕ ਕੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਜਦੋਂ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ ਤਾਂ ਇਕ ਲਿਫਾਫੇ ‘ਚੋਂ ਦੋ ਗ੍ਰਾਮ ਹੈਰੋਇਨ ਤੇ ਦੂਜੇ ਲਿਫ਼ਾਫ਼ੇ ਵਿਚੋਂ 70 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਨੌਜਵਾਨ ਜਿਸ ਦੀ ਪਛਾਣ ਰਾਕੇਸ਼ ਕੁਮਾਰ ਉਰਫ਼ ਕਾਈ ਵਾਸੀ ਬਾਬਾ ਬੁੱਢਾ ਜੀ ਨਗਰ ਦਕੋਹਾ ਵਜੋਂ ਹੋਈ ਹੈ, ਨੂੰ ਗਿ੍ਫਤਾਰ ਕਰ ਕੇ ਮਾਮਲਾ ਦਰਜ ਕਰ ਦਿੱਤਾ। ਚੌਕੀ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Website Readers